ਵਾਡਾ ਵੱਲੋਂ ਟਰੰਪ ਅਤੇ ਅਮਰੀਕੀ ਅਧਿਕਾਰੀਆਂ ’ਤੇ ਓਲੰਪਿਕ ’ਚ ਪਾਬੰਦੀ ਲਾਉਣ ’ਤੇ ਵਿਚਾਰ
ਕਈ ਸਾਲਾਂ ਤੋਂ ਅਮਰੀਕਾ ਦੀ ਸਾਲਾਨਾ ਫੀਸ ਬਕਾਇਆ; ਫੀਫਾ ਵਿਸ਼ਵ ਕੱਪ ’ਤੇ ਵੀ ਪੈ ਸਕਦਾ ਹੈ ਅਸਰ
ਆਲਮੀ ਡੋਪਿੰਗ ਰੋਕੂ ਏਜੰਸੀ (ਵਾਡਾ) ਆਪਣੇ ਨਿਯਮਾਂ ਵਿੱਚ ਬਦਲਾਅ ਕਰਨ ’ਤੇ ਵਿਚਾਰ ਕਰ ਰਹੀ ਹੈ ਤਾਂ ਜੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸਾਰੇ ਅਮਰੀਕੀ ਸਰਕਾਰੀ ਅਧਿਕਾਰੀਆਂ ਨੂੰ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਇਸ ਕਦਮ ਦਾ ਅਸਰ ਇਨ੍ਹਾਂ ਗਰਮੀਆਂ ਵਿੱਚ ਅਮਰੀਕਾ ’ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ’ਤੇ ਵੀ ਪੈ ਸਕਦਾ ਹੈ। ਇਹ ਤਜਵੀਜ਼ ਅਮਰੀਕੀ ਸਰਕਾਰ ਵੱਲੋਂ ਕਈ ਸਾਲਾਂ ਤੋਂ ਵਾਡਾ ਨੂੰ ਆਪਣੀ ਸਾਲਾਨਾ ਫੀਸ ਨਾ ਦਿੱਤੇ ਜਾਣ ਦੇ ਵਿਰੋਧ ਵਜੋਂ ਲਿਆਂਦੀ ਜਾ ਰਹੀ ਹੈ।
ਅਮਰੀਕਾ ਦਾ ਦੋਸ਼ ਹੈ ਕਿ ਵਾਡਾ ਨੇ ਚੀਨੀ ਤੈਰਾਕਾਂ ਨਾਲ ਜੁੜੇ ਡੋਪਿੰਗ ਮਾਮਲਿਆਂ ਅਤੇ ਹੋਰ ਮੁੱਦਿਆਂ ਨੂੰ ਸਹੀ ਢੰਗ ਨਾਲ ਨਹੀਂ ਸੰਭਾਲਿਆ। ਵਾਡਾ ਅਤੇ ਯੂਰਪੀ ਅਧਿਕਾਰੀਆਂ ਵਿਚਕਾਰ ਹੋਈ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਇਹ ਮੁੱਦਾ ਅਗਲੇ ਮੰਗਲਵਾਰ ਨੂੰ ਹੋਣ ਵਾਲੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਹੈ। ਵਾਡਾ ਦੇ ਤਰਜਮਾਨ ਜੇਮਜ਼ ਫਿਟਜ਼ਗੈਰਾਲਡ ਨੇ ਕਿਹਾ ਕਿ ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫੰਡ ਰੋਕਣ ਵਾਲੀਆਂ ਸਰਕਾਰਾਂ ਵਿਰੁੱਧ ਕਾਰਵਾਈ ਬਾਰੇ ਚਰਚਾ 2020 ਤੋਂ ਚੱਲ ਰਹੀ ਹੈ ਅਤੇ ਇਹ ਸਿੱਧੇ ਤੌਰ ’ਤੇ ਸਿਰਫ਼ ਅਮਰੀਕਾ ਨਾਲ ਸਬੰਧਤ ਨਹੀਂ ਹੈ।
ਪਾਰਦਰਸ਼ਤਾ ਦੀ ਮੰਗ ’ਤੇ ਕਾਇਮ ਹਾਂ: ਓ ਐੱਨ ਡੀ ਸੀ ਪੀ
ਅਮਰੀਕੀ ਦਫ਼ਤਰ ‘ਕੌਮੀ ਡਰੱਗ ਕੰਟਰੋਲ ਪਾਲਿਸੀ’ ਦੀ ਡਾਇਰੈਕਟਰ ਸਾਰਾ ਕਾਰਟਰ ਨੇ ਕਿਹਾ, ‘‘ਵਾਡਾ ਦੀਆਂ ਧਮਕੀਆਂ ਦੇ ਬਾਵਜੂਦ, ਅਸੀਂ ਖੇਡਾਂ ਵਿੱਚ ਨਿਰਪੱਖ ਮੁਕਾਬਲਾ ਯਕੀਨੀ ਬਣਾਉਣ ਲਈ ਵਾਡਾ ਤੋਂ ਜਵਾਬਦੇਹੀ ਤੇ ਪਾਰਦਰਸ਼ਤਾ ਦੀ ਆਪਣੀ ਮੰਗ ’ਤੇ ਮਜ਼ਬੂਤੀ ਨਾਲ ਕਾਇਮ ਹਾਂ।’’

