ਵਿਜੈ ਹਜ਼ਾਰੇ: ਮੱਧ ਪ੍ਰਦੇਸ਼ ਨੂੰ ਹਰਾ ਕੇ ਪੰਜਾਬ ਸੈਮੀਫਾਈਨਲ ’ਚ
183 ਦੌਡ਼ਾਂ ਨਾਲ ਹਰਾਇਆ; ਪ੍ਰਭਸਿਮਰਨ, ਅਨਮੋਲਪ੍ਰੀਤ, ਨਿਹਾਲ ਤੇ ਹਰਨੂਰ ਨੇ ਨੀਮ ਸੈਂਕਡ਼ੇ ਜਡ਼ੇ
ਪੰਜਾਬ ਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਟੀਮ ਨੇ ਅੱਜ ਇੱਥੇ ਵਿਜੈ ਹਜ਼ਾਰੇ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਮੱਧ ਪ੍ਰਦੇਸ਼ ਨੂੰ 183 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਪੰਜਾਬ ਨੇ ਨਿਰਧਾਰਤ 50 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 345 ਦੌੜਾਂ ਬਣਾਈਆਂ।
ਕਪਤਾਨ ਪ੍ਰਭਸਿਮਰਨ ਸਿੰਘ ਅਤੇ ਹਰਨੂਰ ਸਿੰਘ ਨੇ ਪਹਿਲੀ ਵਿਕਟ ਲਈ 21 ਓਵਰਾਂ ਵਿੱਚ 166 ਦੌੜਾਂ ਦੀ ਭਾਈਵਾਲੀ ਕਰ ਕੇ ਟੀਮ ਨੂੰ ਮਜ਼ਬੂਤ ਬੁਨਿਆਦ ਦਿੱਤੀ। ਪ੍ਰਭਸਿਮਰਨ ਨੇ 86 ਗੇਂਦਾਂ ’ਤੇ 88 ਦੌੜਾਂ ਅਤੇ ਹਰਨੂਰ ਨੇ 71 ਗੇਂਦਾਂ ’ਤੇ 51 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਨਮੋਲਪ੍ਰੀਤ ਸਿੰਘ (70 ਦੌੜਾਂ, 62 ਗੇਂਦਾਂ) ਅਤੇ ਨਿਹਾਲ ਵਢੇਰਾ (56 ਦੌੜਾਂ, 38 ਗੇਂਦਾਂ) ਨੇ ਤੇਜ਼ੀ ਨਾਲ ਦੌੜਾਂ ਜੋੜੀਆਂ। ਅਖੀਰ ਵਿੱਚ ਰਮਨਦੀਪ ਸਿੰਘ ਨੇ 15 ਗੇਂਦਾਂ ’ਤੇ ਨਾਬਾਦ 24 ਦੌੜਾਂ ਬਣਾ ਕੇ ਸਕੋਰ 350 ਦੇ ਕਰੀਬ ਪਹੁੰਚਾਇਆ।
ਜਵਾਬ ਵਿੱਚ ਮੱਧ ਪ੍ਰਦੇਸ਼ ਦੀ ਟੀਮ 31.2 ਓਵਰਾਂ ਵਿੱਚ ਮਹਿਜ਼ 162 ਦੌੜਾਂ ’ਤੇ ਸਿਮਟ ਗਈ। ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ 17ਵੇਂ ਓਵਰ ਤੱਕ 66 ਦੌੜਾਂ ’ਤੇ 5 ਵਿਕਟਾਂ ਡਿੱਗ ਚੁੱਕੀਆਂ ਸਨ। ਰਜਤ ਪਾਟੀਦਾਰ (38) ਅਤੇ ਤ੍ਰਿਪੁਰੇਸ਼ ਸਿੰਘ (31) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। ਪੰਜਾਬ ਵੱਲੋਂ ਸਨਵੀਰ ਸਿੰਘ ਨੇ 6 ਓਵਰਾਂ ਵਿੱਚ 31 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ ਜਦਕਿ ਗੁਰਨੂਰ ਬਰਾੜ, ਕ੍ਰਿਸ਼ ਭਗਤ ਅਤੇ ਰਮਨਦੀਪ ਸਿੰਘ ਨੇ 2-2 ਵਿਕਟਾਂ ਹਾਸਲ ਕੀਤੀਆਂ।
ਵਿਦਰਭ ਵੀ ਆਖਰੀ ਚਹੁੰ ’ਚ
ਪਿਛਲੀ ਵਾਰ ਦੀ ਉਪ ਜੇਤੂ ਵਿਦਰਭ ਨੇ ਦਿੱਲੀ ਨੂੰ 76 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਵਿਜੈ ਹਜ਼ਾਰੇ ਟਰਾਫੀ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਦਰਭ ਨੇ ਯਸ਼ ਰਾਠੌੜ (86) ਅਤੇ ਅਥਰਵ ਤਾਇਡੇ (62) ਦੀਆਂ ਸ਼ਾਨਦਾਰ ਪਾਰੀਆਂ ਸਦਕਾ 9 ਵਿਕਟਾਂ ’ਤੇ 300 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਜਵਾਬ ਵਿੱਚ ਦਿੱਲੀ ਦੀ ਟੀਮ 45.1 ਓਵਰਾਂ ਵਿੱਚ 224 ਦੌੜਾਂ ’ਤੇ ਸਿਮਟ ਗਈ। ਦਿੱਲੀ ਲਈ ਅਨੁਜ ਰਾਵਤ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ।

