ਭਾਰਤ ਦੀ ਉੱਭਰਦੀ ਬੈਡਮਿੰਟਨ ਖਿਡਾਰਨ ਈਸ਼ਾਰਾਣੀ ਬਰੂਆ ਨੇ ਅੱਜ ਇੱਥੇ ਵੀਅਤਨਾਮ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ ਵਿੱਚ ਉਪ ਜੇਤੂ ਰਹਿ ਕੇ ਮੁਹਿੰਮ ਦੀ ਸਮਾਪਤੀ ਕੀਤੀ। ਮਹਿਲਾ ਸਿੰਗਲਜ਼ ਦੇ ਫਾਈਨਲ ਮੁਕਾਬਲੇ ਵਿੱਚ ਉਸ ਨੂੰ ਥਾਈਲੈਂਡ ਦੀ ਸਰੂਨਰਕ ਵਿਤਿਦਸਰਨ ਹੱਥੋਂ ਸਿੱਧੇ ਗੇਮਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਸ਼ਵ ਰੈਂਕਿੰਗ ਵਿੱਚ 39ਵੇਂ ਸਥਾਨ ’ਤੇ ਕਾਬਜ਼ ਅਤੇ ਟੂਰਨਾਮੈਂਟ ਵਿੱਚ ਤੀਜਾ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਦਾ ਪ੍ਰਦਰਸ਼ਨ ਫਾਈਨਲ ਵਿੱਚ ਨਿਰਾਸ਼ਾਜਨਕ ਰਿਹਾ। ਬਿਨਾਂ ਦਰਜਾ ਪ੍ਰਾਪਤ ਥਾਈ ਖਿਡਾਰਨ ਨੇ 34 ਮਿੰਟ ਚੱਲੇ ਇਸ ਮੁਕਾਬਲੇ ਵਿੱਚ ਬਰੂਆ ਨੂੰ 21-8 ਅਤੇ 21-15 ਦੇ ਫ਼ਰਕ ਨਾਲ ਆਸਾਨੀ ਨਾਲ ਹਰਾ ਦਿੱਤਾ। ਜ਼ਿਕਰਯੋਗ ਹੈ ਕਿ ਵਿਸ਼ਵ ਰੈਂਕਿੰਗ ਵਿੱਚ 106ਵੇਂ ਸਥਾਨ ’ਤੇ ਕਾਬਜ਼ ਥਾਈ ਖਿਡਾਰਨ ਹੱਥੋਂ 22 ਸਾਲਾ ਬਰੂਆ ਦੀ ਇਹ ਦੂਜੀ ਹਾਰ ਹੈ।
ਇਸ ਤੋਂ ਪਹਿਲਾਂ ਬਰੂਆ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਖ਼ਿਤਾਬੀ ਮੁਕਾਬਲੇ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਸੀ। ਉਸ ਨੇ ਸੈਮੀ ਫਾਈਨਲ ਵਿੱਚ ਹਮਵਤਨ ਰਕਸ਼ਿਤਾ ਸ੍ਰੀ ਰਾਮਰਾਜ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਫਾਈਨਲ ਦਾ ਸਫ਼ਰ ਤੈਅ ਕੀਤਾ ਸੀ, ਪਰ ਉਹ ਅੰਤਿਮ ਅੜਿੱਕਾ ਪਾਰ ਕਰ ਕੇ ਸੋਨ ਤਗ਼ਮਾ ਜਿੱਤਣ ਵਿੱਚ ਨਾਕਾਮ ਰਹੀ।

