US Open Tennis: ਸ਼ੈਲਟਨ ਨੇ ਅਲਕਰਾਜ਼ ਦਾ ਖ਼ਿਤਾਬੀ ਸਫ਼ਰ ਖ਼ਤਮ ਕੀਤਾ
ਸਬਾਲੈਂਕਾ ਨੇ ਨੋਸਕੋਵਾ ਨੂੰ ਹਰਾ ਕੇ ਲਗਾਤਾਰ ਤੀਜੇ ਯੂ ਐੱਸ ਓਪਨ ਖ਼ਿਤਾਬ ਦੀਆਂ ਆਸਾਂ ਨੂੰ ਜ਼ਿੰਦਾ ਰੱਖਿਆ
ਬੈਨ ਸ਼ੈਲਟਨ ਨੇ ਕਾਰਲੋਸ ਅਲਕਰਾਜ਼ ਨਾਲ ਪੰਜ ਲੰਬੇ ਤੇ ਥਕਾਊ ਸੈੱਟਾਂ ਵਿੱਚ ਜ਼ਬਰਦਸਤ ਟੱਕਰ ਲਈ ਅਤੇ ਆਖ਼ਰਕਾਰ ਅੱਜ ਤੜਕੇ 3.33 ਵਜੇ ਉਸ ਨੂੰ ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਚੈਂਪੀਅਨ ਦਾ ਖ਼ਿਤਾਬੀ ਸਫਰ ਖ਼ਤਮ ਕਰਨ ਦਾ ਮੌਕਾ ਮਿਲ ਗਿਆ। ਉੱਧਰ, ਐਰੀਨਾ ਸਬਾਲੈਂਕਾ ਨੇ ਮੰਗਲਵਾਰ ਨੂੰ ਮਹਿਲਾਵਾਂ ਦੇ ਮੁਕਾਬਲੇ ’ਚ ਮੇਜਰ ਚੈਂਪੀਅਨਾਂ ਦੇ ਰੋਮਾਂਚਕ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਲਿੰਡਾ ਨੋਸਕੋਵਾ ਨੂੰ 7-6 (1), 3-6, 7-6 (10-7) ਨਾਲ ਹਰਾ ਕੇ ਲਗਾਤਾਰ ਤੀਜੇ ਯੂ ਐੱਸ ਓਪਨ ਖ਼ਿਤਾਬ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ।
ਪੁਰਸ਼ਾਂ ਦੇ ਸਿੰਗਲਜ਼ ਮੈਚ ਵਿੱਚ ਸ਼ੈਲਟਨ ਨੇ 146 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਏਸ ਮਾਰਿਆ। ਇਹ ਸਰਵਿਸ ਦੀ ਅਜਿਹੀ ਗੇਂਦ ਸੀ, ਜਿਸ ਨੂੰ ਅਲਕਰਾਜ਼ ਵਾਪਸ ਨਹੀਂ ਮੋੜ ਸਕਦਾ ਸੀ। ਇਸ ਨਾਲ ਸ਼ੈਲਟਨ ਨੇ ਇਸ ਮੈਰਾਥਨ ਮੁਕਾਬਲੇ ਵਿੱਚ 6-7 (5), 6-1, 6-3, 1-6, 7-6 (10-7) ਨਾਲ ਜਿੱਤ ਪ੍ਰਾਪਤ ਕੀਤੀ, ਜੋ ਕਿ ਯੂ ਐੱਸ ਓਪਨ ਦੇ ਇਤਿਹਾਸ ਵਿੱਚ ਸਭ ਤੋਂ ਦੇਰ ਨਾਲ ਖ਼ਤਮ ਹੋਣ ਵਾਲਾ ਮੈਚ ਸੀ।
ਜੂਨੀਅਰ ਯੂ ਐੱਸ ਓਪਨ: ਮਾਇਆ ਦੀ ਹਾਰ ਨਾਲ ਭਾਰਤ ਦੀ ਸਿੰਗਲਜ਼ ਚੁਣੌਤੀ ਖ਼ਤਮ
ਨਿਊਯਾਰਕ: ਮਾਇਆ ਰਾਜੇਸ਼ਵਰਨ ਰੇਵਤੀ ਦੀ ਰੂਸੀ ਖਿਡਾਰਨ ਐਰੀਨਾ ਮਾਲਿਗੀਨਾ ਵਿਰੁੱਧ ਤਿੰਨ ਸੈੱਟਾਂ ਵਿੱਚ ਹੋਈ ਹਾਰ ਤੋਂ ਬਾਅਦ ਯੂ ਐੱਸ ਓਪਨ ਵਿੱਚ ਭਾਰਤ ਦੀ ਚੁਣੌਤੀ ਹੋਰ ਕਮਜ਼ੋਰ ਹੋ ਗਈ ਹੈ। ਮੰਗਲਵਾਰ ਨੂੰ ਦੋ ਘੰਟੇ 16 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 15ਵਾਂ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਆਪਣੀ ਰੂਸੀ ਵਿਰੋਧਣ ਤੋਂ 3-6, 7-5, 5-7 ਨਾਲ ਹਾਰ ਗਈ। ਮਾਇਆ ਅਜੇ ਤੱਕ ਜੂਨੀਅਰ ਗਰੈਂਡ ਸਲੈਮ ਵਿੱਚ ਲਗਾਤਾਰ ਦੋ ਮੈਚ ਜਿੱਤਣ ਵਿੱਚ ਸਫਲ ਨਹੀਂ ਹੋ ਸਕੀ। ਉੱਧਰ, ਲੜਕਿਆਂ ਦੇ ਡਬਲਜ਼ ਦੇ ਪਹਿਲੇ ਗੇੜ ਵਿੱਚ ਅਰਨਵ ਪਾਪਰਕਰ ਅਤੇ ਉਸ ਦੇ ਥਾਈ ਸਾਥੀ ਕੁਨਾਨਨ ਪੰਤਾਰਾਤੋਰਨ ਨੂੰ ਕਜ਼ਾਖ਼ਸਤਾਨ ਦੇ ਦਮੀਰ ਜ਼ਾਲਗਾਸਬੇ ਅਤੇ ਅਮਰੀਕੀ ਸਾਫ਼ਿਰ ਆਜ਼ਮ ਹੱਥੋਂ 58 ਮਿੰਟਾਂ ਵਿੱਚ 4-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਾਇਆ ਨੇ ਅਜੇ ਆਪਣੀ ਮਿਕਸਡ ਡਬਲਜ਼ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ। ਉਸ ਨੇ ਯੂਕਰੇਨ ਦੀ ਅੰਤੋਨੀਨਾ ਸੁਸ਼ਕੋਵਾ ਨਾਲ ਜੋੜੀ ਬਣਾਈ ਹੈ। -ਪੀਟੀਆਈ

