US Open: Elena Rybakina ਨੇ Naomi Osaka ਨੂੰ ਰੁਖ਼ਸਤ ਕੀਤਾ
ਕੁਆਰਟਰ ਫਾਈਨਲ ’ਚ ਜ਼ੇਂਗ ਨਾਲ ਹੋਵੇਗਾ ਮੁਕਾਬਲਾ; ਨੰਬਰ 1 ਬਣਨ ਦਾ ਮੌਕਾ
ਐਲੀਨਾ ਰਿਬਾਕਿਨਾ ਨੇ ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਨਾਓਮੀ ਓਸਾਕਾ ਨੂੰ ਹਰਾ ਦਿੱਤਾ ਹੈ ਅਤੇ ਉਹ ਮਹਿਲਾ ਟੈਨਿਸ ਵਿੱਚ ਨੰਬਰ 1 ਰੈਂਕਿੰਗ ਹਾਸਲ ਕਰਨ ਤੋਂ ਮਹਿਜ਼ ਇੱਕ ਜਿੱਤ ਦੂਰ ਹੈ। ਉਸ ਨੂੰ ਸਿਰਫ਼ ਜ਼ੇਂਗ ਕਿਨਵੇਨ ਨੂੰ ਹਰਾਉਣਾ ਪਵੇਗਾ, ਜੋ ਕਿ ਆਸਾਨ ਨਹੀਂ ਹੈ। ਭਾਵੇਂ ਕਿ ਜ਼ੇਂਗ ਮੁਸ਼ਕਲ ਵਿੱਚ ਵੀ ਕਿਉਂ ਨਾ ਹੋਵੇ, ਪਰ ਉਹ ਕਦੇ ਹਾਰ ਨਹੀਂ ਮੰਨਦੀ। ਇਸੇ ਦੌਰਾਨ ਅਮਰੀਕੀ ਟੈਨਿਸ ਸਟਾਰ ਕੋਕੋ ਗੌਫ ਨੇ ਵੀ ਯੂ ਐੱਸ ਓਪਨ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
ਗਰੈਂਡ ਸਲੈਮ ਚੈਂਪੀਅਨਾਂ ਦੇ ਇਸ ਮੁਕਾਬਲੇ ਵਿੱਚ ਰਿਬਾਕਿਨਾ ਸੋਮਵਾਰ ਨੂੰ ਓਸਾਕਾ ਨੂੰ 6-1, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪੁੱਜੀ। ਜੇ ਦੂਜੇ ਨੰਬਰ ਦੀ ਤਰਜੀਹ ਵਾਲੀ ਰਿਬਾਕਿਨਾ ਫਲੱਸ਼ਿੰਗ ਮੀਡੋਜ਼ ਵਿੱਚ ਸੈਮੀ ਫਾਈਨਲ ’ਚ ਪਹੁੰਚ ਜਾਂਦੀ ਹੈ, ਤਾਂ ਉਸ ਦਾ ਡਬਲਿਊ ਟੀ ਏ ਰੈਂਕਿੰਗ ਵਿੱਚ ਐਰਿਨਾ ਸਬਾਲੈਂਕਾ ਦੀ ਜਗ੍ਹਾ ਲੈਣਾ ਤੈਅ ਹੈ। ਉਸ ਨੂੰ ਰੋਕਣ ਦੀ ਕੋਸ਼ਿਸ਼ ਜ਼ੇਂਗ ਕਰੇਗੀ, ਜਿਸ ਨੇ ਲਗਾਤਾਰ ਦੂਜੇ ਮੈਚ ਵਿੱਚ 5-0 ਤੋਂ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਚੀਨ ਦੀ 2024 ਦੀ ਓਲੰਪਿਕ ਸੋਨ ਤਗ਼ਮਾ ਜੇਤੂ ਨੇ 8ਵਾਂ ਦਰਜਾ ਪ੍ਰਾਪਤ ਇਗਾ ਸਵਿਆਤੇਕ ਨੂੰ 7-5, 6-3 ਨਾਲ ਹਰਾਇਆ ਅਤੇ 2021 ਵਿੱਚ ਐਮਾ ਰਾਡੂਕਾਨੂ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਫਲੱਸ਼ਿੰਗ ਮੀਡੋਜ਼ ਵਿੱਚ ਆਖ਼ਰੀ ਅੱਠ ਵਿੱਚ ਪਹੁੰਚਣ ਵਾਲੀ ਪਹਿਲੀ ਕੁਆਲੀਫਾਇਰ ਬਣ ਗਈ।
ਇਸੇ ਦੌਰਾਨ ਕੋਕੋ ਗੌਫ ਨੇ ਹਮਵਤਨ ਇਵਾ ਜੋਵਿਕ ਨੂੰ ਹਰਾ ਕੇ ਆਪਣੇ ਦੂਜੇ ਗਰੈਂਡ ਸਲੈਮ ਖ਼ਿਤਾਬ ਵੱਲ ਕਦਮ ਹੋਰ ਮਜ਼ਬੂਤ ਕਰ ਲਏ ਹਨ। ਸੋਮਵਾਰ ਨੂੰ, ਗੌਫ ਨੇ 1 ਘੰਟੇ 33 ਮਿੰਟਾਂ ਵਿੱਚ ਜੋਵਿਕ ਨੂੰ 6-1, 6-4 ਨਾਲ ਹਰਾ ਕੇ ਪਹਿਲੀ ਵਾਰ ਯੂ ਐੱਸ ਓਪਨ ਦੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।

