High Jump ’ਚ ਮੱਖਣਵਿੰਡੀ ਦੇ ਉਪਿੰਦਰਬੀਰ ਸਿੱਧੂ ਨੇ Silver Medal ਜਿੱਤਿਆ
ਪਿੰਡ ਮੱਖਣਵਿੰਡੀ ਦੇ ਅੈਥਲੀਟ ਨੇ ਕੌਮਾਂਤਰੀ ਪੱਧਰ ’ਤੇ ਨਾਮ ਚਮਕਾਇਆ
ਇੱਥੋਂ ਨੇੜਲੇ ਪਿੰਡ ਮੱਖਣਵਿੰਡੀ ਦੇ ਐਥਲੀਟ ਉਪਿੰਦਰਬੀਰ ਸਿੰਘ ਸਿੱਧੂ ਨੇ ਮਲੇਸ਼ੀਆ ਵਿੱਚ ਹੋਈ 38ਵੀਂ ਮਲੇਸ਼ੀਅਨ ਇੰਟਰਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਉੱਚੀ ਛਾਲ ਮੁਕਾਬਲੇ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਜੀਵਨ ਆਸ ਫਾਊਂਡੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਸਿੱਧੂ ਨੇ 40 ਸਾਲ ਤੋਂ ਵਧੇਰੇ ਉਮਰ ਵਰਗ ਦੇ ਉੱਚੀ ਛਾਲ ਮੁਕਾਬਲੇ ਵਿੱਚ ਏਸ਼ੀਆ ਭਰ ’ਚੋਂ ਦੂਜਾ ਸਥਾਨ ਹਾਸਲ ਕਰ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਤੋਂ ਬਾਅਦ ਹੁਣ ਉਹ ਨਵੰਬਰ ਵਿੱਚ ਗੋਲਡ ਕੋਸਟ ਆਸਟਰੇਲੀਆ ਵਿੱਚ ਹੋਣ ਵਾਲੀਆਂ ਪੈਨ ਪੈਸੀਫਿਕ ਮਾਸਟਰਜ਼ ਗੇਮਜ਼ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗਾ।
ਇਸ ਤੋਂ ਪਹਿਲਾਂ ਸਿੱਧੂ ਨੇ ਪੰਜਵੀਂ ਖੇਲੋ ਨੈਸ਼ਨਲ ਮਾਸਟਰਜ਼, ਫਿੱਟ ਇੰਡੀਆ ਮਾਸਟਰ ਅਤੇ ਵਨ ਹੈਲਥ ਐਥਲੈਟਿਕਸ ਮੀਟ ਵਿੱਚ ਪੰਜਾਬ ਵੱਲੋਂ ਹਿੱਸਾ ਲੈਂਦਿਆਂ ਸੋਨੇ ਅਤੇ ਕਾਂਸੇ ਦਾ ਤਗ਼ਮੇ ਜਿੱਤੇ ਸਨ। ਉਹ 2025 ਵਿੱਚ 23ਵੀਂ ਏਸ਼ੀਆ ਮਾਸਟਰਜ਼ ਚੈਂਪੀਅਨਸ਼ਿਪ ’ਚ ਵੀ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕਾ ਹੈ।
ਸਿੱਧੂ ਨੇ ਦੱਸਿਆ ਕਿ 2018 ਤੋਂ ਚੱਲ ਰਹੀ ਸੰਸਥਾ ਜੀਵਨ ਆਸ ਫਾਊਂਡੇਸ਼ਨ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢ ਕੇ ਖੇਡਾਂ ਵੱਲ ਪ੍ਰੇਰ ਰਹੀ ਹੈ। ਇਸ ਮੌਕੇ ਇਲਾਕੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਕੌਮਾਂਤਰੀ ਐਥਲੀਟ ਸਿੱਧੂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
