Tonk ਤੋਂ Belfast: Cricket ਦੀ ਅਨੋਖੀ ਕਹਾਣੀ ਲਿਖਣ ਵਾਲੇ Jai Moondra ਨੂੰ work permit ਦੀ ਉਡੀਕ
ਸੁਪਨਿਆਂ ਦੀ ਨੌਕਰੀ ਛੱਡ ਕੇ ਕ੍ਰਿਕਟ ਦੇ ਲੇਖੇ ਲਾਈ ਜ਼ਿੰਦਗੀ
ਸੁਪਨਿਆਂ ਦੀ ਨੌਕਰੀ ਛੱਡ ਕੇ ਕ੍ਰਿਕਟ ਦੀ ਨਵੀਂ ਕਹਾਣੀ ਲਿਖਣ ਵਾਲੇ ਜੈ ਮੂੰਦੜਾ ਨੇ ਕਿਹਾ, ‘‘ਜਦੋਂ ਮੈਂ ਗੇਂਦਬਾਜ਼ੀ ਦੇ ਰਨਰ-ਅੱਪ ’ਤੇ ਖੜ੍ਹਾ ਸਾਂ, ਤਾਂ ਮੈਂ ਸਿਰਫ਼ ਆਪਣੇ ਆਲੇ-ਦੁਆਲੇ ਦੇ ਸ਼ੋਰ ਨੂੰ ਸ਼ਾਂਤ ਕਰਨ ਅਤੇ ਆਪਣੀ ਲੈਅ ’ਤੇ ਭਰੋਸਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਇੱਕ ਵਾਰ ਜਦੋਂ ਮੈਂ ਦੌੜਨਾ ਸ਼ੁਰੂ ਕੀਤਾ, ਤਾਂ ਸਭ ਕੁਝ ਕੁਦਰਤੀ ਤੌਰ ’ਤੇ ਹੁੰਦਾ ਗਿਆ ਅਤੇ ਆਪਣੇ ਕੌਮਾਂਤਰੀ ਕਰੀਅਰ ਦੀ ਪਹਿਲੀ ਹੀ ਗੇਂਦ ’ਤੇ ਵਿਕਟ ਲੈਣਾ ਸਚਮੁੱਚ ਅਦਭੁਤ ਅਹਿਸਾਸ ਸੀ।’’ ਮੂੰਦੜਾ ਦੇ ਇਹ ਸ਼ਬਦ ਉਸ ਦੇ ਅਜਿਹੇ ਸਫ਼ਰ ਦੀ ਹੂ-ਬ-ਹੂ ਤਸਵੀਰ ਪੇਸ਼ ਕਰਦੇ ਹਨ, ਜੋ ਕਿਸੇ ਵੀ ਲਿਹਾਜ਼ ਨਾਲ ਰਵਾਇਤੀ ਨਹੀਂ ਰਿਹਾ। ਰਾਜਸਥਾਨ ਦੇ ਟੋਂਕ ਦੇ ਰਹਿਣ ਵਾਲੇ ਇਸ ਮੱਧਮ ਗਤੀ ਦੇ ਖੱਬੂ ਗੇਂਦਬਾਜ਼ ਨੇ ਕੌਮਾਂਤਰੀ ਮੰਚ ’ਤੇ ਬੇਹੱਦ ਸੁਪਨਮਈ ਤਰੀਕੇ ਨਾਲ ਐਂਟਰੀ ਕੀਤੀ ਹੈ। ਸ਼ੁੱਕਰਵਾਰ ਨੂੰ ਬੈੱਲਫਾਸਟ ਵਿੱਚ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ ਜਿੱਥੇ ਆਇਰਲੈਂਡ ਨੇ ਭਾਰਤ ਵਿਰੁੱਧ ਇਤਿਹਾਸਕ ਜਿੱਤ ਦਰਜ ਕੀਤੀ, ਮੂੰਦੜਾ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਬਿਲਕੁਲ ਪਹਿਲੀ ਹੀ ਗੇਂਦ ’ਤੇ ਸੰਜੂ ਸੈਮਸਨ ਨੂੰ ਆਊਟ ਕਰ ਦਿੱਤਾ। ਮੂੰਦੜਾ ਲਈ ਇਹ ਵਿਕਟ ਸਿਰਫ਼ ਵੱਡੀ ਸਫਲਤਾ ਨਹੀਂ ਸੀ। ਇਹ ਉਸ ਵੱਡੇ ਫ਼ੈਸਲੇ ’ਤੇ ਮੋਹਰ ਸੀ, ਜਿਸ ਤਹਿਤ ਉਸ ਨੇ ਆਪਣੇ ਮਨ ਵਿੱਚ ਲਗਾਤਾਰ ਚੱਲ ਰਹੇ ਸੁਪਨੇ ਨੂੰ ਪੂਰਾ ਕਰਨ ਲਈ ਸੁਰੱਖਿਅਤ ਕਾਰਪੋਰੇਟ ਕਰੀਅਰ (ਨੌਕਰੀ) ਛੱਡ ਦਿੱਤੀ ਸੀ। ਉਸ ਨੇ ਸਾਲ 2024 ਵਿੱਚ ਪ੍ਰਸਿੱਧ ਟੈੱਕ ਕੰਪਨੀ ਦੀ ਵਧੀਆ ਨੌਕਰੀ ਛੱਡ ਕੇ ਖ਼ੁਦ ਨੂੰ ਪੂਰੀ ਤਰ੍ਹਾਂ ਕ੍ਰਿਕਟ ਦੇ ਲੇਖੇ ਲਾ ਦਿੱਤਾ।
