‘ਅੱਜ ਤੁਸੀਂ ਟੀਵੀ ਬੰਦ ਕਰ ਰਹੇ ਹੋ, ਇੱਕ ਦਿਨ ਮੈਨੂੰ ਟੀਵੀ ’ਤੇ ਦੌੜਦਿਆਂ ਵੇਖੋਗੇ’: ਗੁਰਿੰਦਰਵੀਰ ਦੀ ਬਚਪਨ ਦੀ ਕਹਾਣੀ ਸੁਣ ਕੇ PM Modi ਦੇ ਚਿਹਰੇ ’ਤੇ ਆਈ ਮੁਸਕਾਨ
‘ਮਨ ਕੀ ਬਾਤ’ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨੇ ਨਵਾਂ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਪੰਜਾਬ ਦੇ ਸਪ੍ਰਿੰਟਰ ਗੁਰਿੰਦਰਵੀਰ ਸਿੰਘ ਦੀ ਪਿੱਠ ਥਾਪੜੀ
ਭਾਰਤ ਦੇ ਸਟਾਰ ਦੌੜਾਕ (ਸਪ੍ਰਿੰਟਰ) ਗੁਰਿੰਦਰਵੀਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਸ਼ਹੂਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਤਾਜ਼ਾ ਐਪੀਸੋਡ ਦੌਰਾਨ ਆਪਣੇ ਬਚਪਨ ਦੀ ਇੱਕ ਬੇਹੱਦ ਭਾਵੁਕ ਅਤੇ ਦਿਲਚਸਪ ਯਾਦ ਸਾਂਝੀ ਕੀਤੀ। ਇਸ ਕਿੱਸੇ ਨੂੰ ਸੁਣ ਕੇ ਪ੍ਰਧਾਨ ਮੰਤਰੀ ਖ਼ੁਦ ਹੱਸ ਪਏ ਅਤੇ ਉਨ੍ਹਾਂ ਨੇ ਗੁਰਿੰਦਰਵੀਰ ਦੀ ਦ੍ਰਿੜ੍ਹਤਾ ਦੀ ਜੰਮ ਕੇ ਸ਼ਲਾਘਾ ਕੀਤੀ। ਇਹ ਕਹਾਣੀ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਅਤੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਈ ਹੈ। ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਗੁਰਿੰਦਰਵੀਰ ਨੇ ਦੱਸਿਆ ਕਿ ਜਦੋਂ ਉਹ ਛੋਟਾ ਹੁੰਦਾ ਸੀ ਅਤੇ ਅਕਸਰ ਟੀਵੀ ਵੇਖਣ ਵਿੱਚ ਮਸਤ ਰਹਿੰਦਾ ਸੀ, ਤਾਂ ਉਸ ਦੀ ਮਾਂ ਟੀਵੀ ਬੰਦ ਕਰ ਦਿੰਦੀ ਸੀ ਅਤੇ ਉਸ ਨੂੰ ਪੜ੍ਹਾਈ ’ਤੇ ਧਿਆਨ ਦੇਣ ਲਈ ਕਹਿੰਦੀ ਸੀ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਜਨੂੰਨ ਨਾਲ ਲਬਰੇਜ਼ ਗੁਰਿੰਦਰਵੀਰ ਉਦੋਂ ਬੜੇ ਆਤਮ-ਵਿਸ਼ਵਾਸ ਨਾਲ ਆਪਣੀ ਮਾਂ ਨੂੰ ਕਹਿੰਦਾ ਹੁੰਦਾ ਸੀ, “ਹੁਣ ਤੁਸੀਂ ਮੈਨੂੰ ਟੀਵੀ ਨਹੀਂ ਵੇਖਣ ਦੇ ਰਹੇ, ਇੱਕ ਦਿਨ ਤੁਸੀਂ ਮੈਨੂੰ ਟੀਵੀ ’ਤੇ ਲੱਭੋਗੇ ਅਤੇ ਵੇਖੋਗੇ ਕਿ ਗੁਰਿੰਦਰਵੀਰ ਟੀਵੀ ’ਤੇ ਦੌੜ ਰਿਹਾ ਹੈ।”
ਹੁਣ ਜਦੋਂ ਉਹ ਕੌਮੀ ਪੱਧਰ ਦਾ ਸਟਾਰ ਬਣ ਚੁੱਕਾ ਹੈ, ਤਾਂ ਇਸ 100 ਮੀਟਰ ਦੇ ਰਾਸ਼ਟਰੀ ਰਿਕਾਰਡ ਹੋਲਡਰ (National Record Holder) ਨੇ ਕਿਹਾ ਕਿ ਜਦੋਂ ਵੀ ਉਹ ਅੱਜ ਆਪਣੀ ਮਾਂ ਦੀਆਂ ਅੱਖਾਂ ਵਿੱਚ ਖ਼ੁਸ਼ੀ ਅਤੇ ਮਾਣ ਵੇਖਦਾ ਹੈ, ਤਾਂ ਉਸ ਦਾ ਸੀਨਾ ਚੌੜਾ ਹੋ ਜਾਂਦਾ ਹੈ। ਇਸ ਖ਼ੂਬਸੂਰਤ ਕਿੱਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੁਸਕਰਾਏ ਬਿਨਾਂ ਨਾ ਰਹਿ ਸਕੇ ਅਤੇ ਉਨ੍ਹਾਂ ਨੇ ਇਸ ਨੂੰ ਬੇਹੱਦ ਦਿਲਚਸਪ ਤੇ ਪ੍ਰੇਰਨਾਦਾਇਕ ਕਹਾਣੀ ਦੱਸਿਆ।
ਮੋਦੀ ਨੇ ਨੈਸ਼ਨਲ ਰਿਕਾਰਡ ਬਣਾਉਣ ’ਤੇ ਦਿੱਤੀ ਵਧਾਈ
ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 100 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਗੁਰਿੰਦਰਵੀਰ ਸਿੰਘ ਅਤੇ ਉਸ ਦੇ ਸਾਥੀ ਦੌੜਾਕ ਅਨੀਮੇਸ਼ ਕੁਜੂਰ ਦੀ ਭਰਪੂਰ ਸ਼ਲਾਘਾ ਕੀਤੀ। ਪੀਐੱਮ ਮੋਦੀ ਨੇ ਗੁਰਿੰਦਰਵੀਰ ਨੂੰ 100 ਮੀਟਰ ਈਵੈਂਟ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕਰਨ ਲਈ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਇਸ ਨੂੰ ਭਾਰਤੀ ਐਥਲੈਟਿਕਸ (Indian Athletics) ਲਈ ਇੱਕ ਬੇਹੱਦ ਮਾਣਮੱਤੀ ਪ੍ਰਾਪਤੀ ਦੱਸਿਆ। ਗੁਰਿੰਦਰਵੀਰ ਨੇ ਪ੍ਰੋਗਰਾਮ ਦੌਰਾਨ ਆਪਣੇ ਬਚਪਨ ਦੇ ਸੰਘਰਸ਼ਾਂ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ।
ਖੇਡ ਸਫ਼ਰ ਦੀ ਸ਼ੁਰੂਆਤੀ ਪ੍ਰੇਰਨਾ
ਗੁਰਿੰਦਰਵੀਰ ਨੇ ਆਪਣੇ ਖੇਡ ਸਫ਼ਰ ਦੀ ਸ਼ੁਰੂਆਤੀ ਪ੍ਰੇਰਨਾ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਉਸ ਦੇ ਪਿਤਾ ਵਾਲੀਬਾਲ ਖਿਡਾਰੀ ਸਨ। ਬਚਪਨ ਵਿੱਚ ਉਹ ਆਪਣੇ ਪਿਤਾ ਵੱਲੋਂ ਜਿੱਤੇ ਗਏ ਮੈਡਲਾਂ ਅਤੇ ਟਰਾਫੀਆਂ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੁੰਦਾ ਸੀ। ਉਹ ਅਕਸਰ ਉਨ੍ਹਾਂ ਟਰਾਫੀਆਂ ਨੂੰ ਸਾਫ਼ ਕਰਦਾ ਅਤੇ ਉਤਸੁਕਤਾ ਨਾਲ ਪਿਤਾ ਨੂੰ ਪੁੱਛਦਾ ਕਿ ਉਨ੍ਹਾਂ ਨੇ ਇਹ ਕਿਵੇਂ ਜਿੱਤੀਆਂ ਹਨ। ਗੁਰਿੰਦਰਵੀਰ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ, “ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ ਕਿ ਉਨ੍ਹਾਂ ਨੇ ਇਹ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਜਿੱਤੀਆਂ ਹਨ। ਬੱਸ ਉੱਥੋਂ ਹੀ ਮੈਨੂੰ ਪ੍ਰੇਰਨਾ ਮਿਲੀ ਅਤੇ ਮੈਂ ਤੈਅ ਕਰ ਲਿਆ ਕਿ ਮੈਂ ਵੀ ਇੱਕ ਵੱਡਾ ਖਿਡਾਰੀ ਬਣਾਂਗਾ।”

