ਭਾਰਤ-ਆਸਟਰੇਲੀਆ ਕ੍ਰਿਕਟ ਮੈਚ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਵਧੀ

ਭਾਰਤ-ਆਸਟਰੇਲੀਆ ਕ੍ਰਿਕਟ ਮੈਚ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਵਧੀ

ਗੁਰਚਰਨ ਸਿੰਘ ਕਾਹਲੋਂ

ਸਿਡਨੀ, 23 ਨਵੰਬਰ

ਇਥੇ ਭਾਰਤ ਅਤੇ ਆਸਟਰੇਲੀਆ ਦਰਮਿਆਨ ਹੋਣ ਜਾ ਰਹੇ ਕ੍ਰਿਕਟ ਮੈਚਾਂ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਜ਼ੋਰਾਂ ’ਤੇ ਹੈ। ਟਿਕਟਾਂ ਵੇਚਣ ਤੇ ਖਰੀਦਣ ਦੇ ਮਾਮਲੇ ਵਿਚ ਕੁਝ ਭਾਰਤੀਆਂ ਦੇ ਨਾਂ ਹੀ ਸਾਹਮਣੇ ਆ ਰਹੇ ਹਨ।  

ਸਿਡਨੀ ਕ੍ਰਿਕਟ ਗਰਾਊਂਡ ਵਿਚ 27 ਤੇ 29 ਨਵੰਬਰ ਤੇ ਕੈਨਬਰਾ ਵਿਚ 2 ਦਸੰਬਰ ਨੂੰ ਹੋਣ ਜਾ ਰਹੇ ਇੱਕ ਰੋਜ਼ਾ ਮੈਚਾਂ ਲਈ ਸਾਰੀਆਂ ਟਿਕਟਾਂ ਸਰਕਾਰ ਦੀ ਮਾਨਤਾ ਪ੍ਰਾਪਤ ਸਾਈਟ ਤੋਂ ਇੱਕ ਘੰਟੇ ਵਿਚ ਹੀ ਵਿਕ ਗਈਆਂ ਸਨ ਤੇ ਟਿਕਟਾਂ ਤੋਂ ਵਾਂਝੇ ਪ੍ਰੇਮੀ ਮੈਚ ਦੀ ਟਿਕਟ ਖਰੀਦਣ ਲਈ ਹੱਥ ਪੈਰ ਮਾਰ ਰਹੇ ਹਨ। ਕਰੋਨਾ ਕਾਰਨ ਇਸ ਵਾਰ ਸਟੇਡੀਅਮ ਵਿਚ ਸੀਮਤ ਦਰਸ਼ਕਾਂ ਦੇ ਬੈਠਣ ਲਈ ਹੀ ਪ੍ਰਬੰਧ ਕੀਤੇ ਗਏ ਹਨ। 

ਇਹ ਵੀ ਸਾਹਮਣੇ ਆਇਆ ਹੈ ਕਿ ਵੈਬਸਾਈਟ ਤੋਂ ਟਿਕਟਾਂ ਖਰੀਦ ਚੁੱਕੇ ਲੋਕ ਹੁਣ ਅੱਗੇ ਆਨਲਾਈਨ ਹੀ ਮਹਿੰਗੇ ਭਾਅ ਟਿਕਟਾਂ ਵੇਚ ਰਹੇ ਹਨ। ਇਸ ਵੇਲੇ ਸਾਧਾਰਨ 30 ਡਾਲਰ ਵਾਲੀ ਟਿਕਟ 90 ਤੋਂ 110 ਡਾਲਰ ਤੱਕ ਵੇਚੀ ਜਾ ਰਹੀ ਹੈ। ਜਦੋਂ ਕਿ 50 ਡਾਲਰ ਵਾਲੀ 180 ਤੋਂ 250 ਡਾਲਰ ਤੱਕ ਵੇਚਣ ਦੀ ਪੇਸ਼ਕਸ਼ ਹੈ। ਇਕੱਲੇ ਗਮਟ੍ਰੀ ਦੇ ਵੈਬ ਪੇਜ ’ਤੇ ਹੀ ਦਰਜਨਾਂ ਟਿਕਟਾਂ ਵਿਕਣ ’ਤੇ ਲੱਗੀਆਂ ਹੋਈਆਂ ਹਨ। ਇਨ੍ਹਾਂ ਮੈਚਾਂ ਤੋਂ ਇਲਾਵਾ ਟੀ-20 ਮੈਚ 4 ਦਸੰਬਰ ਨੂੰ ਕੈਨਬਰਾ, 6 ਤੇ 8 ਦਸੰਬਰ ਨੂੰ ਸਿਡਨੀ ਕ੍ਰਿਕਟ ਗਰਾਊਂਡ ਵਿਚ ਖੇਡੇ ਜਾਣਗੇ। ਕਰੋਨਾ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਟੀਮ ਦੇ ਸਾਰੇ ਖਿਡਾਰੀ 26 ਨਵੰਬਰ ਤੱਕ ਇਕਾਂਤਵਾਸ ਕੀਤੇ ਹੋਏ ਹਨ। 

ਆਖਰੀ ਦੌਰ ਵਿੱਚ ਵਧੀਆ ਖੇਡਣਾ ਚਾਹੁੰਦਾ ਹੈ ਵਾਰਨਰ

ਸਿਡਨੀ: ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਕਹਿਣਾ ਹੈ ਕਿ ਉਸ ਦਾ ਕੌਮਾਂਤਰੀ ਕ੍ਰਿਕਟ ਵਿਚ ਥੋੜ੍ਹਾ ਹੀ ਸਮਾਂ ਬਾਕੀ ਰਹਿੰਦਾ ਹੈ, ਇਸ ਕਰ ਕੇ ਉਹ ਭਾਰਤ ਖ਼ਿਲਾਫ਼ ਮੈਚਾਂ ਵਿਚ ਵਧੀਆ ਖੇਡਣਾ ਚਾਹੁੰਦਾ ਹੈ ਤੇ ਆਪਣੇ ਆਖਰੀ ਦੌਰ ਨੂੰ ਯਾਦਗਾਰੀ ਬਣਾਉਣਾ ਚਾਹੁੰਦਾ ਹੈ। ਇਨ੍ਹਾਂ ਮੈਚਾਂ ਵਿਚ ਉਹ ਇਕਾਗਰਚਿਤ ਹੋ ਕੇ ਖੇਡੇਗਾ ਤੇ ਭਾਰਤੀ ਖਿਡਾਰੀਆਂ ਦੀ ਨੁਕਤਾਚੀਨੀ ਤੇ ਬਿਆਨਬਾਜ਼ੀ ਤੋਂ ਪਰਹੇਜ਼ ਕਰੇਗਾ। ਸੋਨੀ ਦੀ ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ ਉਸ ਨੇ ਕਿਹਾ ਕਿ ਉਹ 34 ਸਾਲਾਂ ਨੂੰ ਢੁਕ ਚੁੱਕਾ ਹੈ ਤੇ ਉਹ ਜ਼ੋਖ਼ਮ ਭਰੇ ਸ਼ਾਟ ਮਾਰਨ ਨਾਲੋਂ ਵਧੀਆ ਸਟਰਾਈਕ ਲੈ ਕੇ ਖੇਡਣਾ ਚਾਹੁੰਦਾ ਹੈ। ਉਹ ਮੈਚਾਂ ਦੌਰਾਨ ਵੱਡੇ ਸ਼ਾਟ ਮਾਰਨ ਨਾਲੋਂ ਭੱਜ ਕੇ ਦੌੜਾਂ ਬਣਾਉਣ ਨੂੰ ਤਰਜੀਹ ਦੇਵੇਗਾ ਤੇ ਸਟਰਾਈਕ ਦੂਜੇ ਬੱਲੇਬਾਜ਼ਾਂ ਨੂੰ ਦਿੰਦਾ ਰਹੇਗਾ। ਉਸ ਨੇ ਕਿਹਾ ਕਿ ਭਾਰਤੀ ਟੀਮ ਰੋਹਿਤ ਤੋਂ ਬਿਨਾਂ ਖੇਡੇਗੀ ਪਰ ਵਿਰਾਟ ਵਿਚ ਵੀ ਮੈਚ ਦਾ ਰੁਖ਼ ਪਲਟਾਉਣ ਦੀ ਕਾਬਲੀਅਤ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਆਸਟਰੇਲਿਆਈ ਟੀਮ ਨੁਕਤਾਚੀਨੀ ਕਰ ਕੇ ਜਾਂ ਵਿਰੋਧੀ ਖਿਡਾਰੀਆਂ ਨੂੰ ਉਕਸਾਉਣ ਕਾਰਨ ਚਰਚਾ ਵਿਚ ਰਹਿੰਦੀ ਹੈ ਤੇ ਇਸ ਵਿਚ ਡੇਵਿਡ ਵਾਰਨਰ ਦਾ ਨਾਂ ਵੀ ਜੁੜਦਾ ਰਿਹਾ ਹੈ। -ਪੀਟੀਆਈ 

ਪੌਂਟਿੰਗ ਵੱਲੋਂ ਸਟੋਇਨਿਸ ਦੀ ਸ਼ਲਾਘਾ਼

ਮੈਲਬਰਨ: ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਦਾ ਕਹਿਣਾ ਹੈ ਕਿ ਮਾਰਕਸ ਸਟੋਇਨਿਸ ਪਿਛਲੇ ਸਾਲਾਂ ਨਾਲੋਂ ਹੁਣ ਕਿਤੇ ਵਧੀਆ ਖੇਡ ਰਿਹਾ ਹੈ। ਸਟੋਇਨਿਸ ਨੇ ਆਈਪੀਐਲ ਵਿਚ ਦਿੱਲੀ ਕੈਪੀਟਲ ਵਲੋਂ ਖੇਡਦਿਆਂ 352 ਦੌੜਾਂ ਬਣਾਈਆਂ ਤੇ 13 ਵਿਕਟ ਹਾਸਲ ਕੀਤੇ। ਸਟੋਇਨਿਸ ਇਸ ਵੇਲੇ ਆਸਟਰੇਲਿਆਈ ਟੀਮ ਦਾ ਹਿੱਸਾ ਹੈ ਜੋ ਭਾਰਤ ਨਾਲ ਇਕ ਦਿਨਾ ਤੇ ਟੀ-20 ਮੈਚ ਖੇਡੇਗਾ। ਉਸ ਨੇ ਕਿਹਾ ਕਿ ਆਈਪੀਐਲ ਵਿਚ ਸਟੋਇਨਿਸ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਉਸ ਦੀ ਕਾਰਗੁਜ਼ਾਰੀ ਵਿਚ ਪਿਛਲੇ 12 ਮਹੀਨਿਆਂ ਦੌਰਾਨ ਪੰਜ ਗੁਣਾਂ ਸੁਧਾਰ ਹੋਇਆ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਟੀ-20 ਟੀਮ ਵਿਚੋਂ 31 ਸਾਲਾ ਸਟੋਇਨਿਸ ਨੂੰ ਪਿਛਲੇ ਸਾਲ ਮਾੜੀ ਕਾਰਗੁਜ਼ਾਰੀ ਕਾਰਨ ਕੱਢ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਉਸ ਦੀ ਬੱਲੇਬਾਜ਼ੀ ਵਿਚ ਕਾਫੀ ਸੁਧਾਰ ਹੋਇਆ। -ਪੀਟੀਆਈ

ਆਸਟਰੇਲੀਆ ਦੌਰੇ ਲਈ ਉਤਸ਼ਾਹਿਤ ਸ਼ੁਭਮਨ ਗਿੱਲ

ਸਿਡਨੀ: ਭਾਰਤ ਦਾ ਨੌਜਵਾਨ ਕ੍ਰਿਕਟ ਖਿਡਾਰੀ ਸ਼ੁਭਮਨ ਗਿੱਲ ਆਸਟਰੇਲੀਆ ਦੌਰੇ ਦੌਰਾਨ ਸਖਤ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ ਪਰ ਉਸ ਨੇ ਆਗਾਮੀ ਦੌਰੇ ਲਈ ਕੋਈ ਨਿੱਜੀ ਟੀਚਾ ਨਿਰਧਾਰਿਤ ਨਹੀਂ ਕੀਤਾ। ਉਸ ਦਾ ਵਧੀਆ ਪ੍ਰਦਰਸ਼ਨ ਟੀਮ ਵਿਚ ਥਾਂ ਪੱਕੀ ਕਰਨ ਵਿਚ ਮਦਦ ਕਰੇਗਾ। ਸ਼ੁਭਮਨ ਨੇ ਭਾਰਤ ਲਈ ਸਿਰਫ ਦੋ ਇਕ ਦਿਨਾ ਮੈਚ ਖੇਡੇ ਹਨ ਤੇ ਉਹ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਵਾਲੇ ਆਸਟਰੇਲੀਆ ਨਾਲ ਸੀਮਤ ਓਵਰਾਂ ਦੇ ਮੈਚ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਉਤਸ਼ਾਹਿਤ ਹੈ। ਸ਼ੁਭਮਨ ਨੇ ਆਪਣੀ ਆਈਪੀਐਲ ਟੀਮ ਕੋਲਕਾਤਾ ਨਾਈਟਰਾਈਡਰਜ਼ ਵਲੋਂ ਕੀਤੇ ਗਏ ਟਵੀਟ ਤੇ ਵੀਡੀਓ ਵਿਚ ਕਿਹਾ ਕਿ ਇਹ ਉਸ ਦਾ ਪਹਿਲਾ ਦੌਰਾ ਹੈ ਤੇ ਉਹ ਛੋਟੇ ਹੁੰਦੇ ਤੋਂ ਹੀ ਭਾਰਤ ਤੇ ਆਸਟਰੇਲੀਆ ਦੇ ਮੈਚਾਂ ਤੋਂ ਕਾਫੀ ਪ੍ਰਭਾਵਿਤ ਸੀ। ਉਸ ਦਾ ਸੁਫਨਾ ਸੀ ਕਿ ਉਹ ਭਾਰਤੀ ਟੀਮ ਵਲੋਂ ਵਧੀਆ ਖੇਡ ਕੇ ਮੈਚ ਜਿਤਾਵੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All