DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਬੱਡੀ ’ਚ ਧੂੜਾਂ ਪੱਟਣ ਵਾਲਾ ਗੁਰਜੀਤ ਤੂਤ

ਪੰਜਾਬ ਦੀ ਜ਼ਰਖੇਜ਼ ਮਿੱਟੀ ਨੇ ਹਮੇਸ਼ਾ ਅਜਿਹੇ ਗੱਭਰੂਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਡੌਲਿਆਂ ਦੇ ਜ਼ੋਰ ਅਤੇ ਖੇਡ ਕਲਾ ਦੇ ਦਮ ’ਤੇ ਦੇਸ਼-ਵਿਦੇਸ਼ ਵਿੱਚ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ। ਪੰਜਾਬੀ ਸਰਕਲ ਕਬੱਡੀ ਦੇ ਸੁਨਹਿਰੀ ਇਤਿਹਾਸ ਵਿੱਚ ਜਦੋਂ ਵੀ...

  • fb
  • twitter
  • whatsapp
  • whatsapp
Advertisement

ਪੰਜਾਬ ਦੀ ਜ਼ਰਖੇਜ਼ ਮਿੱਟੀ ਨੇ ਹਮੇਸ਼ਾ ਅਜਿਹੇ ਗੱਭਰੂਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਡੌਲਿਆਂ ਦੇ ਜ਼ੋਰ ਅਤੇ ਖੇਡ ਕਲਾ ਦੇ ਦਮ ’ਤੇ ਦੇਸ਼-ਵਿਦੇਸ਼ ਵਿੱਚ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ। ਪੰਜਾਬੀ ਸਰਕਲ ਕਬੱਡੀ ਦੇ ਸੁਨਹਿਰੀ ਇਤਿਹਾਸ ਵਿੱਚ ਜਦੋਂ ਵੀ ਅੱਗ ਵਰ੍ਹਾਊ ਰੇਡਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਫ਼ਿਰੋਜ਼ਪੁਰ ਦੇ ਗੁਰਜੀਤ ਤੂਤ (ਪਿੰਡ ਤੂਤ) ਦਾ ਨਾਮ ਮੋਹਰੀ ਕਤਾਰ ਵਿੱਚ ਆਉਂਦਾ ਹੈ। ਤੂਤਾਂ ਵਾਲੇ ਗੁਰਜੀਤ ਦੀ ਕਬੱਡੀ ਨਾਲ ਯਾਰੀ ਅਤੇ ਉਸ ਦੀਆਂ ਖੇਡ ਪ੍ਰਾਪਤੀਆਂ ਉਸ ਦੀ ਮੈਦਾਨੀ ਇਬਾਦਤ ਅਤੇ ਖੇਡ ਪ੍ਰਤੀ ਜਨੂੰਨ ਦਾ ਜਿਊਂਦਾ-ਜਾਗਦਾ ਪ੍ਰਮਾਣ ਹਨ।

ਗੁਰਜੀਤ ਦੇ ਸ਼ੁਰੂਆਤੀ ਪਲ ਬਾਸਕਟਬਾਲ ਖੇਡ ਦੇ ਮੈਦਾਨ ਵਿੱਚ ਬੀਤੇ, ਪਰ ਉਸ ਦੇ ਲੇਖਾਂ ਵਿੱਚ ਕਬੱਡੀ ਦੀ ਮਿੱਟੀ ਦੀ ਮਹਿਕ ਲਿਖੀ ਹੋਈ ਸੀ। ਸਾਲ 1996 ਦੇ ਆਸ-ਪਾਸ ਜਦੋਂ ਉਸ ਨੇ ਮਾਂ ਖੇਡ ਕਬੱਡੀ ਦੇ ਵਿਹੜੇ ਵਿੱਚ ਪੈਰ ਧਰਿਆ ਤਾਂ ਉਸ ਦੀ ਮਿਹਨਤ ਅਤੇ ਜਜ਼ਬੇ ਨੇ ਉਸ ਨੂੰ ਛੇਤੀ ਹੀ ਮੈਦਾਨ ਦਾ ਸ਼ਹਿਨਸ਼ਾਹ ਬਣਾ ਦਿੱਤਾ। ਭਾਰੀ-ਭਰਕਮ ਸਰੀਰ ਹੋਣ ਦੇ ਬਾਵਜੂਦ ਉਸ ਦੀ ਰਫ਼ਤਾਰ ਬਿਜਲੀ ਦੀ ਲਿਸ਼ਕ ਵਰਗੀ ਹੁੰਦੀ ਸੀ। ਜਦੋਂ ਗੁਰਜੀਤ ਧਾਵੀ ਬਣ ਕੇ ਪਾਲੇ ਤੋਂ ਨਿਕਲਦਾ, ਤਾਂ ਵਿਰੋਧੀ ਧਿਰ ਦੇ ਠੱਲ੍ਹ ਪਾਉਣ ਵਾਲੇ ਜਾਫ਼ੀਆਂ ਦੇ ਹੌਸਲੇ ਪਸਤ ਹੋ ਜਾਂਦੇ ਸਨ। ਉਸ ਦੀ ਖੇਡ ਸਮਰੱਥਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਇੱਕੋ ਦਿਨ ਅੰਦਰ ਤਿੰਨ ਅਲੱਗ-ਅਲੱਗ ਖੇਡ ਮੇਲਿਆਂ ਵਿੱਚ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ।

Advertisement

ਇਹ ਕੋਈ ਮਾਮੂਲੀ ਕਾਰਨਾਮਾ ਨਹੀਂ ਸੀ, ਬਲਕਿ ਉਸ ਦੇ ਲੋਹੇ ਵਰਗੇ ਸਰੀਰ ਅਤੇ ਅਡੋਲ ਇਰਾਦੇ ਦੀ ਗਵਾਹੀ ਸੀ। ਸੱਤ ਸਮੁੰਦਰ ਪਾਰ ਇੰਗਲੈਂਡ ਦੇ ਮੈਦਾਨਾਂ ਵਿੱਚ ਉਸ ਦੀ ਰੇਡ ਦਾ ਸਿੱਕਾ ਚੱਲਿਆ ਅਤੇ ਉਸ ਨੇ ਸਰਬੋਤਮ ਧਾਵੀ ਦਾ ਖ਼ਿਤਾਬ ਹਾਸਲ ਕੀਤਾ। ਸਾਲ 2007 ਦੇ ਕੈਨੇਡਾ ਕਬੱਡੀ ਵਿਸ਼ਵ ਕੱਪ ਵਿੱਚ ਬੈਸਟ ਰੇਡਰ ਬਣ ਕੇ ਉਸ ਨੇ ਆਪਣੇ ਪਿੰਡ ‘ਤੂਤ’ ਦਾ ਨਾਂ ਪੂਰੀ ਦੁਨੀਆ ਵਿੱਚ ਚਮਕਾ ਦਿੱਤਾ। ਉਸ ਦੀ ਪਛਾਣ ਆਪਣੇ ਪਿੰਡ ਨਾਲ ਇੰਨੀ ਗੂੜ੍ਹੀ ਹੋ ਗਈ ਕਿ ਗੁਰਜੀਤ ਅਤੇ ਤੂਤ ਇੱਕ ਦੂਜੇ ਦੇ ਮਾਣ-ਮੱਤੇ ਪੂਰਕ ਬਣ ਗਏ। ਖੇਡ ਕਲੱਬਾਂ ਦੀ ਦੁਨੀਆ ਵਿੱਚ ਅਕਸਰ ਵੱਡੇ ਆਰਥਿਕ ਲਾਲਚ ਕਾਰਨ ਖਿਡਾਰੀਆਂ ਦੇ ਇਮਾਨ ਡੋਲ ਜਾਂਦੇ ਹਨ ਪਰ ਗੁਰਜੀਤ ਨੇ ਹਮੇਸ਼ਾ ਆਪਣੇ ਅਸੂਲਾਂ, ਸਾਥੀਆਂ ਅਤੇ ਕਲੱਬ ਨਾਲ ਵਫ਼ਾਦਾਰੀ ਨਿਭਾਈ। ਉਸ ਲਈ ਟੀਮ ਸਿਰਫ਼ ਖੇਡਣ ਦਾ ਜ਼ਰੀਆ ਨਹੀਂ ਸੀ, ਸਗੋਂ ਪਰਿਵਾਰ ਵਰਗੀ ਸਾਂਝ ਸੀ। ਪੰਜਾਬੀ ਖੇਡ ਸੱਭਿਆਚਾਰ ਵਿੱਚ ਆਪਸੀ ਭਾਈਚਾਰੇ ਦੀ ਜੋ ਰਵਾਇਤ ਹੈ, ਗੁਰਜੀਤ ਉਸ ਦੀ ਜਿਊਂਦੀ-ਜਾਗਦੀ ਮਿਸਾਲ ਸੀ।

Advertisement

ਹਰ ਖਿਡਾਰੀ ਦੀ ਜ਼ਿੰਦਗੀ ਸਿਰਫ਼ ਮੈਦਾਨ ਦੀਆਂ ਤਾੜੀਆਂ ਅਤੇ ਜਿੱਤਾਂ ਤੱਕ ਸੀਮਤ ਨਹੀਂ ਹੁੰਦੀ। ਮੈਦਾਨ ਦੀ ਸੀਟੀ ਵੱਜਣ ਤੋਂ ਬਾਅਦ ਅਸਲ ਜ਼ਿੰਦਗੀ ਸ਼ੁਰੂ ਹੁੰਦੀ ਹੈ, ਜਿੱਥੇ ਕੋਈ ਰੈਫ਼ਰੀ ਜਾਂ ਨਿਯਮ ਨਹੀਂ ਹੁੰਦੇ। ਗੁਰਜੀਤ ਦੇ ਜੀਵਨ ਵਿੱਚ ਵੀ ਅਜਿਹਾ ਕਾਲਾ ਦੌਰ ਆਇਆ, ਜਿੱਥੇ ਉਸ ਨੂੰ ਨਿੱਜੀ ਔਕੜਾਂ, ਸਿਹਤ ਦੀ ਗਿਰਾਵਟ ਅਤੇ ਨਸ਼ਿਆਂ ਦੇ ਦਾਨਵ ਨਾਲ ਜੂਝਣਾ ਪਿਆ। ਖੇਡ ਜਗਤ ਦਾ ਇਹ ਦੁਖਦਾਈ ਪਹਿਲੂ ਹੈ ਕਿ ਜਦੋਂ ਤੱਕ ਖਿਡਾਰੀ ਮੈਦਾਨ ਵਿੱਚ ਧੂੜਾਂ ਪੱਟਦਾ ਹੈ, ਸਭ ਉਸ ਦੇ ਪ੍ਰਸ਼ੰਸਕ ਹੁੰਦੇ ਹਨ। ਪਰ ਜਦੋਂ ਉਹੀ ਸੂਰਮਾ ਜ਼ਿੰਦਗੀ ਦੇ ਕਿਸੇ ਮੋੜ ’ਤੇ ਠੇਡਾ ਖਾ ਕੇ ਡਿੱਗਦਾ ਹੈ ਤਾਂ ਖੇਡ ਸੰਸਥਾਵਾਂ, ਪ੍ਰਬੰਧਕ ਅਤੇ ਦਰਸ਼ਕ ਅਕਸਰ ਪਿੱਠ ਕਰ ਲੈਂਦੇ ਹਨ। ਕਿਸੇ ਖਿਡਾਰੀ ਨੂੰ ਮੈਦਾਨ ਵਿੱਚ ਸੱਟ ਲੱਗਣ ’ਤੇ ਉਸ ਨੂੰ ਬਚਾਉਣ ਲਈ ਭੱਜ ਕੇ ਆਉਣ ਵਾਲੇ ਹੱਥ, ਜ਼ਿੰਦਗੀ ਦੇ ਸੰਕਟ ਸਮੇਂ ਗਾਇਬ ਕਿਉਂ ਹੋ ਜਾਂਦੇ ਹਨ? ਗੁਰਜੀਤ ਤੂਤ ਦਾ 46 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਬੱਡੀ ਖੇਡ ਜਗਤ ਲਈ ਵੱਡਾ ਘਾਟਾ ਹੈ। ਉਸ ਦੀ ਜੀਵਨ ਗਾਥਾ ਸਿਰਫ਼ ਇੱਕ ਚੈਂਪੀਅਨ ਦੀ ਸਫ਼ਲਤਾ ਦੀ ਕਹਾਣੀ ਨਹੀਂ, ਸਗੋਂ ਲੋਕਾਈ ਲਈ ਇੱਕ ਮਾਨਸਿਕ ਅਤੇ ਸਮਾਜਿਕ ਸੰਦੇਸ਼ ਹੈ, ਜੋ ਸਾਨੂੰ ਸਿਖਾਉਂਦੀ ਹੈ ਕਿ ਖਿਡਾਰੀਆਂ ਨੂੰ ਸਿਰਫ਼ ਸਰੀਰਕ ਤੌਰ ’ਤੇ ਮਜ਼ਬੂਤ ਕਰਨਾ ਕਾਫ਼ੀ ਨਹੀਂ ਸਗੋਂ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਵੀ ਪਰਿਪੱਕ ਤੇ ਮਜ਼ਬੂਤ ਕਰਨ ਦੀ ਲੋੜ ਹੈ।

ਖੇਡਾਂ ਤੋਂ ਬਾਅਦ ਖਿਡਾਰੀਆਂ ਲਈ ਪੁਨਰਵਾਸ, ਆਰਥਿਕ ਸੁਰੱਖਿਆ ਅਤੇ ਨਸ਼ਾ-ਮੁਕਤ ਜੀਵਨ ਲਈ ਖੇਡ ਫ਼ੈਡਰੇਸ਼ਨਾਂ ਨੂੰ ਜ਼ਿੰਮੇਵਾਰੀ ਚੁੱਕਣੀ ਪਵੇਗੀ। ਅਜਿਹੇ ਖਿਡਾਰੀਆਂ ਨੂੰ ਸਮਾਜਿਕ ਸਹਾਰਾ ਦਿੱਤਾ ਜਾਵੇ ਅਤੇ ਅਜਿਹੇ ਖਿਡਾਰੀ ਦੀ ਪਛਾਣ ਉਸ ਦੇ ਮਾੜੇ ਦਿਨਾਂ ਵਿੱਚ ਵੀ ਬਰਕਰਾਰ ਰੱਖੀ ਜਾਵੇ। ਗੁਰਜੀਤ ਤੂਤ ਦੀ ਜੀਵਨ ਕਹਾਣੀ ਜਿੱਥੇ ਮੈਦਾਨੀ ਫ਼ਤਿਹ ਦੀ ਪ੍ਰੇਰਣਾ ਹੈ, ਉੱਥੇ ਹੀ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਵੀ ਹੈ। ਉਸ ਦੀ ਕਬੱਡੀ ਨਾਲ ਪ੍ਰੀਤ ਅਤੇ ਉਸ ਦਾ ਮੈਦਾਨ ਉੱਤੇ ਦਬਦਬਾ ਪੰਜਾਬੀ ਸਰਕਲ ਕਬੱਡੀ ਦੇ ਇਤਿਹਾਸ ਵਿੱਚ ਹਮੇਸ਼ਾ ਅਮਰ ਰਹੇਗਾ। ਜਦੋਂ ਵੀ ਮਾਂ ਖੇਡ ਕਬੱਡੀ ਦਾ ਜ਼ਿਕਰ ਹੋਵੇਗਾ, ਤੂਤਾਂ ਦੇ ਗੁਰਜੀਤ ਦੀ ਗੂੰਜ ਹਮੇਸ਼ਾ ਸੁਣਾਈ ਦਿੰਦੀ ਰਹੇਗੀ।

ਸੰਪਰਕ: 94176-65241

Advertisement
×