ਸਾਲਾਲਾਹ (ਓਮਾਨ), 27 ਅਗਸਤ
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਏਸ਼ਿਆਈ ਹਾਕੀ ਫਾਈਵ ਏ ਸਾਈਡ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਜੇਤੂ ਮੁਹਿੰਮ ਜਾਰੀ ਰੱਖਦਿਆਂ ਤੀਜੇ ਮੁਕਾਬਲੇ ਵਿੱਚ ਥਾਈਲੈਂਡ ਨੂੰ 5-4 ਨਾਲ ਹਰਾਇਆ। ਭਾਰਤ ਲਈ ਕਪਤਾਨ ਨਵਜੋਤ ਕੌਰ ਨੇ ਪਹਿਲੇ ਮਿੰਟ, ਮੋਨਿਕਾ ਡਿਪੀ ਟੋਪੋ ਨੇ ਪਹਿਲੇ ਅਤੇ ਸੱਤਵੇਂ ਮਿੰਟ, ਮਹਿਮਾ ਚੌਧਰੀ ਨੇ 20ਵੇਂ ਮਿੰਟ ਵਿੱਚ ਅਤੇ ਅਜਮਿਤਾ ਕੁਜੂਰ ਨੇ 30ਵੇਂ ਮਿੰਟ ਵਿੱਚ ਗੋਲ ਦਾਗ਼ੇ। ਥਾਈਲੈਂਡ ਤਰਫ਼ੋਂ ਪੀਰੇਸਰਮ ਅਨੋਂਗਨਾਟ ਨੇ ਤੀਜੇ ਮਿੰਟ, ਔਂਜਲ ਨਾਥਾਕਰਨ ਨੇ 10ਵੇਂ ਤੇ 14ਵੇਂ ਮਿੰਟ ਵਿੱਚ ਅਤੇ ਸੁਵਾਪਟ ਕੋਂਥੋਂਮ ਨੇ 19ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਨੇ ਸ਼ਨਿਚਰਵਾਰ ਦੀ ਰਾਤ ਟੂਰਨਾਮੈਂਟ ਦੇ ਦੂਜੇ ਮੈਚ ਵਿੱਚ ਜਪਾਨ ’ਤੇ 7-1 ਨਾਲ ਜਿੱਤ ਦਰਜ ਕੀਤੀ ਸੀ। ਟੀਮ ਨੇ ਸ਼ੁੱਕਰਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਮਲੇਸ਼ੀਆ ਨੂੰ 7-2 ਨਾਲ ਹਰਾ ਕੇ ਕੀਤੀ ਸੀ।
ਅੱਜ ਭਾਰਤ ਨੇ ਸ਼ੁਰੂ ਵਿੱਚ ਹੀ ਥਾਈਲੈਂਡ ਦੀਆਂ ਡਿਫੈਂਡਰਜ਼ ’ਤੇ ਦਬਾਅ ਬਣਾ ਲਿਆ ਸੀ। ਨਵਜੋਤ ਨੇ ਪਹਿਲੇ ਹੀ ਮਿੰਟ ਵਿੱਚ ਮੈਦਾਨੀ ਗੋਲ ਜ਼ਰੀਏ ਟੀਮ ਨੂੰ ਲੀਡ ਦਵਾਈ। ਮੋਨਿਕਾ ਨੇ ਇਸੇ ਮਿੰਟ ਵਿੱਚ ਬਿਨਾਂ ਸਮਾਂ ਗੁਆਏ ਮੈਦਾਨੀ ਗੋਲ ਨਾਲ ਲੀਡ ਦੁੱਗਣੀ ਕਰ ਦਿੱਤੀ। ਦੋ ਮਿੰਟ ਮਗਰੋਂ ਕਪਤਾਨ ਅਨੋਂਗਨਾਟ ਸਦਕਾ ਥਾਈਲੈਂਡ ਦਾ ਪਹਿਲਾ ਗੋਲ ਹੋਇਆ। ਮੋਨਿਕਾ ਨੇ ਜਲਦੀ ਹੀ ਆਪਣਾ ਦੂਜਾ ਗੋਲ ਕਰਕੇ ਭਾਰਤ ਦਾ ਸਕੋਰ 3-1 ਕਰ ਦਿੱਤਾ। ਪਹਿਲੇ ਅੱਧ ਵਿੱਚ ਇੱਕ ਮਿੰਟ ਦਾ ਸਮਾਂ ਰਹਿੰਦਿਆਂ ਨਾਥਾਕਰਨ ਨੇ ਥਾਈਲੈਂਡ ਨੂੰ 3-3 ਦੀ ਬਰਾਬਰੀ ’ਤੇ ਲਿਆ ਦਿੱਤਾ। ਦੂਜੇ ਅੱਧ ਵਿੱਚ ਭਾਰਤ ਨੇ ਹਮਲਾਵਾਰ ਰੁਖ਼ ਅਪਣਾਉਂਦਆਂ ਗੇਂਦ ’ਤੇ ਕਬਜ਼ਾ ਜਮਾਈ ਰੱਖਿਆ ਅਤੇ ਥਾਈਲੈਂਡ ਦੇ ਸਰਕਲ ’ਚ ਸੇਧ ਲਗਾਉਂਦਿਆਂ ਗੋਲ ਕਰਨ ਦੀ ਕੋਸ਼ਿਸ਼ ਜਾਰੀ ਰੱਖੀ। ਚਾਰ ਮਿੰਟ ਮਗਰੋਂ ਥਾਈਲੈਂਡ ਨੇ ਕੋਂਥੋਂਗ ਦੇ ਗੋਲ ਸਦਕਾ ਲੀਡ ਲੈ ਲਈ। ਇਸ ਮਗਰੋਂ ਭਾਰਤੀ ਖਿਡਾਰਨ ਮਹਿਮਾ ਚੌਧਰੀ ਨੇ ਗੋਲ ਕਰਕੇ ਸਕੋਰ ਬਰਾਬਰ ਕੀਤਾ। ਮੈਚ ਖ਼ਤਮ ਹੋਣ ਵਿੱਚ ਇੱਕ ਮਿੰਟ ਬਚਿਆ ਸੀ ਕਿ ਕੁਜੂਰ ਨੇ ਭਾਰਤ ਲਈ ਜੇਤੂ ਗੋਲ ਦਾਗਿਆ। -ਪੀਟੀਆਈ