ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਤੋਂ
ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੈਸਟ ਮੈਚ ਸ਼ੁੱਕਰਵਾਰ ਤੋਂ ਇੱਥੇ ਈਡਨ ਗਾਰਡਨ ਵਿੱਚ ਖੇਡਿਆ ਜਾਵੇਗਾ। ਭਾਰਤੀ ਕਪਤਾਨ ਸ਼ੁਭਮਨ ਗਿੱਲ ਦਾ ਮੰਨਣਾ ਹੈ ਕਿ ਸਪਿੰਨਰ ਅਤੇ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਦੀ ਚੋਣ ਕਰਨਾ ਚੁਣੌਤੀਪੂਰਨ ਹੈ; ਜਦੋਂ ਉਹ ਸ਼ੁੱਕਰਵਾਰ ਤੋਂ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇ ਜਾਣ ਵਾਲੇ ਪਹਿਲੇ ਟੈਸਟ ਲਈ ਆਖਰੀ 11 ਖਿਡਾਰੀਆਂ ਦੀ ਚੋਣ ਕਰਨਗੇ ਤਾਂ ਘਰੇਲੂ ਮੈਦਾਨਾਂ ’ਤੇ ਸਪਿੰਨਰਾਂ ਦੀ ਅਹਿਮ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕੇਗਾ। ਤੇਜ਼ ਗੇਂਦਬਾਜ਼ੀ ਵਿਭਾਗ ਵਿੱਚ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਨੂੰ ਈਡਨ ਗਾਰਡਨ ਦੇ ਮੈਦਾਨ ’ਤੇ ਅੰਤਮ ਗਿਆਰਾਂ ਖਿਡਾਰੀਆਂ ਵਿੱਚ ਸ਼ਾਮਲ ਕੀਤਾ ਜਾਣਾ ਯਕੀਨੀ ਹੈ, ਜਦੋਂ ਕਿ ਆਕਾਸ਼ ਦੀਪ ਟੀਮ ਵਿੱਚ ਤੀਜਾ ਤੇਜ਼ ਗੇਂਦਬਾਜ਼ ਹੈ।
ਭਾਰਤ ਕੋਲ ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ ਅਤੇ ਕੁਲਦੀਪ ਯਾਦਵ ਦੇ ਰੂਪ ਵਿੱਚ ਚਾਰ ਸਪਿੰਨਰ ਹਨ। ਜਡੇਜਾ, ਅਕਸ਼ਰ ਅਤੇ ਵਾਸ਼ਿੰਗਟਨ ਨੇ ਵੀ ਬੱਲੇ ਨਾਲ ਵਧੀਆ ਪ੍ਰਦਰਸ਼ਨ ਕੀਤਾ ਹੈ। ਸ਼ੁਭਮਨ ਗਿੱਲ ਨੇ ਅੱਜ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਹਮੇਸ਼ਾ ਇਸੇ ਤਰ੍ਹਾਂ ਹੁੰਦਾ ਹੈ। ਜੇਕਰ ਤੁਸੀਂ ਵਾਧੂ ਤੇਜ਼ ਗੇਂਦਬਾਜ਼ ਜਾਂ ਸਪਿੰਨਰ ਨਾਲ ਜਾਂਦੇ ਹੋ ਤਾਂ ਹਮੇਸ਼ਾ ਮੁਕਾਬਲਾ ਹੁੰਦਾ ਹੈ। ਇਸ ਲਈ ਅਸੀਂ ਭਲਕੇ ਸਥਿਤੀ ਦੇ ਮੁਲਾਂਕਣ ਮਗਰੋਂ ਪਲੇਇੰਗ ਇਲੈਵਨ ਬਾਰੇ ਫੈਸਲਾ ਕਰਾਂਗੇ।’’ ਭਾਰਤੀ ਕਪਤਾਨ ਨੇ ਮੈਚ ਦੇ ਨਤੀਜੇ ਬਦਲਣ ਵਿੱਚ ਸਪਿੰਨਰਾਂ ਦੀ ਭੂਮਿਕਾ ਨੂੰ ਅਹਿਮ ਕਰਾਰ ਦਿੱਤਾ ਹੈ। ਭਾਰਤ, ਦੱਖਣੀ ਅਫਰੀਕਾ ਖ਼ਿਲਾਫ਼ ਦੋ ਟੈਸਟ ਮੈਚ ਖੇਡੇਗਾ ਅਤੇ ਫਾਈਨਲ ਦੀ ਦੌੜ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਇਹ ਦੋਵੇਂ ਟੈਸਟ ਅਹਿਮ ਹਨ।
ਭਾਰਤ ਸਾਹਮਣੇ ਅਫਰੀਕੀ ਫਿਰਕੀ ਦੀ ਚੁਣੌਤੀ
ਕੋਲਕਾਤਾ: ਦੱਖਣੀ ਅਫਰੀਕਾ ਦੇ ਬਿਹਤਰੀਨ ਸਪਿੰਨ ਹਮਲੇ ਦੇ ਸਾਹਮਣੇ ਭਾਰਤ ਦੇ ਬੱਲੇਬਾਜ਼ਾਂ ਦੇ ਹੁਨਰ ਦੀ ਅਸਲੀ ਪ੍ਰੀਖਿਆ ਹੋਵੇਗੀ, ਜਦੋਂ ਦੋਵੇਂ ਟੀਮਾਂ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ’ਚ ਸ਼ੁੱਕਰਵਾਰ ਨੂੰ ਇੱਥੇ ਆਹਮੋ-ਸਾਹਮਣੇ ਹੋਣਗੀਆਂ। ਇਸ ਦੌਰਾਨ, ਭਾਰਤ ਨੂੰ ਦੱਖਣੀ ਅਫ਼ਰੀਕਾ ਦੇ ਸਪਿੰਨ ਹਮਲੇ ਦਾ ਸਾਹਮਣਾ ਕਰਨਾ ਪਵੇਗਾ। ਦੱਖਣੀ ਅਫ਼ਰੀਕਾ ਦਾ ਗੇਂਦਬਾਜ਼ੀ ਹਮਲਾ ਇਸ ਸਮੇਂ ਸਪਿੰਨਰਾਂ ’ਤੇ ਨਿਰਭਰ ਕਰਦਾ ਹੈ ਅਤੇ ਅਜਿਹੇ ਵਿੱਚ ਮੇਜ਼ਬਾਨ ਟੀਮ ਨੂੰ ਧੀਮੇ ਗੇਂਦਬਾਜ਼ਾਂ ਖ਼ਿਲਾਫ਼ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਨਾ ਹੋਵੇਗਾ। ਮੌਜੂਦਾ ਵਿਸ਼ਵ ਟੈਸਟ ਚੈਂਪੀਅਨ ਦੱਖਣੀ ਅਫਰੀਕਾ ਆਮ ਤੌਰ ’ਤੇ ਚੰਗੇ ਤੇਜ਼ ਗੇਂਦਬਾਜ਼ਾਂ ਲਈ ਜਾਣੀ ਜਾਂਦੀ ਰਹੀ ਹੈ ਪਰ ਇਸ ਸਮੇਂ ਉਸ ਕੋਲ ਧਨੰਤਰ ਸਪਿੰਨਰ ਹਨ। -ਪੀਟੀਆਈ
