ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੈਚ ਅੱਜ
ਸੂਰਿਆਕੁਮਾਰ ਯਾਦਵ ’ਤੇ ਰਹੇਗੀ ਨਜ਼ਰ; ਇੱਕ ਰੋਜ਼ਾ ਲਡ਼ੀ ਜਿੱਤਣ ਮਗਰੋਂ ਮਹਿਮਾਨ ਟੀਮ ਦੇ ਹੌਸਲੇ ਬੁਲੰਦ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਟੀ-20 ਮੈਚਾਂ ਦੀ ਲੜੀ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਹੈ। ਵਿਸ਼ਵ ਕੱਪ ਤੋਂ ਤਿੰਨ ਹਫ਼ਤੇ ਪਹਿਲਾਂ ਇਹ ਲੜੀ ਭਾਰਤ ਲਈ ਖਿਤਾਬ ਬਚਾਉਣ ਦੀ ਮੁਹਿੰਮ ਵਜੋਂ ਆਖ਼ਰੀ ਰਿਹਰਸਲ ਹੋਵੇਗੀ। ਇਸ ਦੌਰਾਨ ਕਪਤਾਨ ਸੂਰਿਆਕੁਮਾਰ ਯਾਦਵ ਆਪਣੀ ਲੈਅ ਸੁਧਾਰਨੀ ਚਾਹੇਗਾ। ਉਸ ਦੀ ਅਗਵਾਈ ਹੇਠ ਟੀਮ ਨੇ 25 ’ਚੋਂ 18 ਮੈਚ ਜਿੱਤੇ ਹਨ, ਪਰ ਪਿਛਲੇ ਸਾਲ 19 ਮੈਚਾਂ ’ਚ ਉਸ ਨੇ ਸਿਰਫ਼ 218 ਦੌੜਾਂ ਬਣਾਈਆਂ ਸਨ, ਜੋ ਟੀਮ ਲਈ ਚਿੰਤਾ ਦਾ ਵਿਸ਼ਾ ਹੈ।
ਨਿਊਜ਼ੀਲੈਂਡ ਦੀ ਟੀਮ ਭਾਰਤ ਵਿੱਚ ਟੈਸਟ ਅਤੇ ਇੱਕ ਰੋਜ਼ਾ ਲੜੀ ਜਿੱਤਣ ਮਗਰੋਂ ਉਤਸ਼ਾਹਿਤ ਵਿੱਚ ਹੈ। ਡੇਵੋਨ ਕੌਨਵੇ, ਗਲੈੱਨ ਫਿਲਿਪਸ ਅਤੇ ਡੈਰਿਲ ਮਿਚੈੱਲ ਵਰਗੇ ਖਿਡਾਰੀ ਟੀਮ ਦੀ ਤਾਕਤ ਹਨ। ਹਾਲਾਂਕਿ, ਭਾਰਤੀ ਟੀਮ ਲਈ ਹਾਰਦਿਕ ਪੰਡਿਆ ਅਤੇ ਜਸਪ੍ਰੀਤ ਬੁਮਰਾਹ ਦੀ ਵਾਪਸੀ ਵੱਡੀ ਰਾਹਤ ਹੈ। ਇਸ ਤੋਂ ਇਲਾਵਾ ਸਪਿੰਨਰ ਵਰੁਣ ਚੱਕਰਵਰਤੀ ਵੀ ਟੀਮ ਨਾਲ ਜੁੜ ਗਿਆ ਹੈ। ਵਰੁਣ ਦੇ 7 ਤੋਂ 15 ਓਵਰਾਂ ਵਿਚਾਲੇ ਕੀਤੇ ਗਏ ਓਵਰ ਮੈਚ ਦਾ ਪਾਸਾ ਪਲਟਣ ਦੀ ਸਮਰੱਥਾ ਰੱਖਦੇ ਹਨ।
ਤਿਲਕ ਵਰਮਾ ਦੀ ਸੱਟ ਕਾਰਨ ਤੀਜੇ ਅਤੇ ਚੌਥੇ ਨੰਬਰ ਲਈ ਸ਼੍ਰੇਅਸ ਅਈਅਰ ਅਤੇ ਇਸ਼ਾਨ ਕਿਸ਼ਨ ਦਾਅਵੇਦਾਰ ਹਨ। ਅਈਅਰ ਸਪਿੰਨ ਗੇਂਦਬਾਜ਼ੀ ਨੂੰ ਵਧੀਆ ਖੇਡਦਾ ਹੈ, ਜਦਕਿ ਕਿਸ਼ਨ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਣ ਲਈ ਜਾਣਿਆ ਜਾਂਦਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਪ੍ਰਬੰਧਨ ਕਿਸ ’ਤੇ ਭਰੋਸਾ ਜਤਾਉਂਦਾ ਹੈ। ਸੂਰਿਆਕੁਮਾਰ ਲਈ ਇਹ ਲੜੀ ਨਿੱਜੀ ਅਤੇ ਟੀਮ ਦੇ ਲਿਹਾਜ਼ ਨਾਲ ਬੇਹੱਦ ਅਹਿਮ ਹੈ। ਮੈਚ ਭਾਰਤੀ ਸਮੇਂ ਅਨੁਸਾਰ ਰਾਤ 7 ਵਜੇ ਸ਼ੁਰੂ ਹੋਵੇਗਾ।

