ਟੈਸਟ ਕ੍ਰਿਕਟ: ਤੀਜੇ ਦਿਨ ਵੈਸਟ ਇੰਡੀਜ਼ ਨੇ ਸ੍ਰੀਲੰਕਾ ’ਤੇ ਮਜ਼ਬੂਤ ਪਕੜ ਬਣਾਈ
318 ਦੌਡ਼ਾਂ ਦੀ ਲੀਡ ਹਾਸਲ ਕੀਤੀ; ਜੈਂਗੂ ਨੇ 233 ਅਤੇ ਚੇਜ਼ ਨੇ 194 ਦੌੜਾਂ ਬਣਾਈਆਂ
ਆਮਿਰ ਜੈਂਗੂ ਅਤੇ ਕਪਤਾਨ ਰੋਸਟਨ ਚੇਜ਼ ਨੇ ਟੈਸਟ ਕ੍ਰਿਕਟ ਵਿੱਚ ਛੇਵੇਂ ਵਿਕਟ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਭਾਈਵਾਲੀ ਕੀਤੀ। ਇਸ ਦੀ ਬਦੌਲਤ ਵੈਸਟ ਇੰਡੀਜ਼ ਨੇ ਆਪਣੀ ਪਹਿਲੀ ਪਾਰੀ 626/9 ’ਤੇ ਐਲਾਨੀ। ਇਸ ਤਰ੍ਹਾਂ ਵੈਸਟ ਇੰਡੀਜ਼ ਨੇ ਦੂਜੇ ਟੈਸਟ ਦੇ ਤੀਜੇ ਦਿਨ ਸ੍ਰੀਲੰਕਾ ’ਤੇ 318 ਦੌੜਾਂ ਦੀ ਵੱਡੀ ਲੀਡ ਹਾਸਲ ਕਰ ਲਈ ਹੈ।
ਜੈਂਗੂ ਨੇ 233 ਅਤੇ ਚੇਜ਼ ਨੇ 194 ਦੌੜਾਂ ਬਣਾਈਆਂ। ਦੋਵਾਂ ਵਿਚਾਲੇ 401 ਦੌੜਾਂ ਦੀ ਭਾਈਵਾਲੀ ਹੋਈ, ਜਿਸ ਨੇ 10 ਸਾਲ ਪਹਿਲਾਂ ਦੱਖਣੀ ਅਫਰੀਕਾ ਖ਼ਿਲਾਫ਼ ਇੰਗਲੈਂਡ ਦੇ ਬੈਨ ਸਟੋਕਸ ਅਤੇ ਜੌਨੀ ਬੇਅਰਸਟਾਅ ਵੱਲੋਂ ਬਣਾਏ 399 ਦੌੜਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਚੇਜ਼ ਪਾਰੀ ਐਲਾਨਣ ਤੋਂ ਠੀਕ ਪਹਿਲਾਂ ਆਊਟ ਹੋ ਗਿਆ। ਉਸ ਨੇ ਆਪਣੇ ਟੈਸਟ ਕਰੀਅਰ ਦਾ ਛੇਵਾਂ ਸੈਂਕੜਾ ਲਾਇਆ, ਜੋ ਪਿਛਲੇ ਸੱਤ ਸਾਲਾਂ ਵਿੱਚ ਉਸ ਦਾ ਪਹਿਲਾ ਸੈਂਕੜਾ ਹੈ ਅਤੇ ਉਸ ਦੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਵੀ ਹੈ।
ਦਿਨ ਦੀ ਖੇਡ ਖ਼ਤਮ ਹੋਣ ਤੋਂ ਪਹਿਲਾਂ ਸ੍ਰੀਲੰਕਾ ਨੂੰ ਸਿਰਫ਼ ਚਾਰ ਓਵਰ ਖੇਡਣੇ ਸਨ, ਪਰ ਦੂਜੇ ਹੀ ਓਵਰ ਵਿੱਚ ਉਸ ਨੇ ਪਥੁਮ ਨਿਸਾਂਕਾ ਦੀ ਵਿਕਟ ਗੁਆ ਦਿੱਤੀ। ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਸ੍ਰੀਲੰਕਾ ਦਾ ਸਕੋਰ 15/1 ਸੀ ਅਤੇ ਉਹ ਅਜੇ ਵੀ 303 ਦੌੜਾਂ ਪਿੱਛੇ ਹੈ। ਕਸੁਨ ਰਜਿਤਾ 4 ਅਤੇ ਨਿਸ਼ਾਨ ਮਦੁਸ਼ਕਾ 2 ਦੌੜਾਂ ਬਣਾ ਕੇ ਕਰੀਜ਼ ’ਤੇ ਮੌਜੂਦ ਹਨ। ਨਿਸਾਂਕਾ ਲਈ ਇਹ ਟੈਸਟ ਮੈਚ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ, ਜਿੱਥੇ ਉਹ ਸਿਰਫ਼ 2 ਅਤੇ 3 ਦੌੜਾਂ ਹੀ ਬਣਾ ਸਕਿਆ ਜਦਕਿ ਇਸ ਤੋਂ ਪਹਿਲਾਂ ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਟੈਸਟ ਮੈਚ ਵਿੱਚ ਉਸ ਨੇ 158 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
