ਪੈਰਿਸ, 23 ਮਈ
ਕਾਰਲੋਸ ਅਲਕਾਰੇਜ਼ ਨਵੀਂ ਏਟੀਪੀ ਰੈਂਕਿੰਗ ‘ਚ ਨੋਵਾਕ ਜੋਕੋਵਿਚ ਨੂੰ ਪਛਾੜ ਕੇ ਦੁਨੀਆ ਦਾ ਨੰਬਰ ਇੱਕ ਪੁਰਸ਼ ਟੈਨਿਸ ਖਿਡਾਰੀ ਬਣ ਗਿਆ ਹੈ ਜਿਸ ਨਾਲ ਉਸ ਨੂੰ ਫਰੈਂਚ ਓਪਨ ‘ਚ ਸਿਖਰਲਾ ਦਰਜਾ ਹਾਸਲ ਹੋਵੇਗਾ। ਇਟੈਲੀਅਨ ਓਪਨ ਦਾ ਖਿਤਾਬ ਜਿੱਤਣ ਵਾਲਾ ਦਾਨਿਲ ਮੈਦਵੇਦੇਵ ਨਵੀਂ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਹੈ। ਰੋਮ ‘ਚ ਸਾਬਕਾ ਚੈਂਪੀਅਨ ਵਜੋਂ ਉਤਰੇ ਜੋਕੋਵਿਚ ਨੂੰ ਚੌਥੇ ਦੌਰ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਉਹ ਤੀਜੇ ਸਥਾਨ ‘ਤੇ ਖਿਸਕ ਗਿਆ। ਐਤਵਾਰ ਤੋਂ ਸ਼ੁਰੂ ਹੋ ਰਹੇ ਫਰੈਂਚ ਓਪਨ ਨਾਲ ਪਹਿਲੀ ਵਾਰ ਸਪੇਨ ਦੇ ਅਲਕਾਰੇਜ਼ ਨੂੰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ‘ਚ ਸਿਖਰਲਾ ਦਰਜਾ ਹਾਸਲ ਹੋਵੇਗਾ। ਉਹ ਇਸ ਮਹੀਨੇ 20 ਸਾਲ ਦਾ ਹੋ ਜਾਵੇਗਾ। ਉਸ ਨੇ 2023 ‘ਚ 30 ਮੁਕਾਬਲਿਆਂ ‘ਚ ਜਿੱਤ ਦਰਜ ਕੀਤੀ ਜਦਕਿ ਤਿੰਨ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਸਾਬਕਾ ਫਰੈਂਚ ਓਪਨ ਚੈਂਪੀਅਨ ਇਗਾ ਸਵੀਆਤੇਕ ਡਬਲਿਊਟੀਏ ਰੈਂਕਿੰਗ ‘ਚ ਸਿਖਰਲੇ ਸਥਾਨ ‘ਤੇ ਬਣੀ ਹੋਈ ਹੈ। ਉਹ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਦੁਨੀਆ ਦੀ ਨੰਬਰ ਇੱਕ ਮਹਿਲਾ ਟੈਨਿਸ ਖਿਡਾਰੀ ਹੈ। ਉਸ ਤੋਂ ਬਾਅਦ ਆਸਟਰੇਲਿਆਈ ਓਪਨ ਜੇਤੂ ਐਰਨਿਾ ਸਬਾਲੈਂਕਾ ਦੂਜੇ ਸਥਾਨ ‘ਤੇ ਹੈ। ਇਟੈਲੀਅਨ ਓਪਨ ‘ਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਣ ਵਾਲੀ ਐਲੇਨ ਰਬਿਾਕਨਿਾ ਦੋ ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਜੈਸਿਕਾ ਪੈਗੁਲਾ ਤੀਜੇ ਸਥਾਨ ‘ਤੇ ਕਾਇਮ ਹੈ। -ਏਪੀ