ਟੈਨਿਸ ਖਿਡਾਰੀਆਂ ਨੇ ਆਪਣੀ ਨਿੱਜਤਾ ਦਾ ਮੁੱਦਾ ਚੁੱਕਿਆ
ਕੋਕੋ ਗੌਫ ਤੋਂ ਬਾਅਦ ਈਗਾ ਸਵਿਆਤੇਕ ਨੇ ਸਵਾਲ ਉਠਾਏ / ਹਰੇਕ ਜਗ੍ਹਾ ਕੈਮਰੇ ਹੋਣ ਕਾਰਨ ਪ੍ਰੇਸ਼ਾਨ ਹੋਏ ਖਿਡਾਰੀ
ਈਗਾ ਸਵਿਆਤੇਕ ਨੇ ਕੋਕੋ ਗੌਫ ਵੱਲੋਂ ਉਠਾਏ ਨਿੱਜਤਾ ਦੇ ਮੁੱਦੇ ਨੂੰ ਹੋਰ ਉਭਾਰ ਦਿੱਤਾ ਹੈ। ਅੱਜ ਕੁਆਰਟਰ ਫਾਈਨਲ ਵਿੱਚ ਐਲੀਨਾ ਰਾਇਬਾਕੀਨਾ ਤੋਂ ਹਾਰਨ ਤੋਂ ਬਾਅਦ ਸਵਿਆਤੇਕ ਤੋਂ ਜਦੋਂ ਖਿਡਾਰੀਆਂ ਦੀ ਨਿੱਜਤਾ ਤੇ ਲਗਾਤਾਰ ਹੋ ਰਹੀ ਰਿਕਾਰਡਿੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਵਾਲ ਕੀਤਾ ਕਿ ਉਹ ਟੈਨਿਸ ਖਿਡਾਰੀ ਹਨ ਜਾਂ ਚਿੜੀਆਘਰ ਦੇ ਜਾਨਵਰ, ਜਿਨ੍ਹਾਂ ’ਤੇ ਹਰ ਵਕਤ ਨਜ਼ਰ ਰੱਖੀ ਜਾਂਦੀ ਹੈ? ਉਨ੍ਹਾਂ ਕਿਹਾ, ‘‘ਖਿਡਾਰੀਆਂ ਦੀ ਨਿੱਜਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਚੰਗਾ ਹੋਵੇਗਾ, ਜੇ ਸਾਡੇ ਕੋਲ ਅਜਿਹੀ ਜਗ੍ਹਾ ਹੋਵੇ ਜਿੱਥੇ ਸਾਨੂੰ ਕੋਈ ਨਾ ਦੇਖ ਰਿਹਾ ਹੋਵੇ। ਲੰਘੇ ਦਿਨ ਕੋਕੋ ਗੋਫ ਨੇ ਵੀ ਆਸਟਰੇਲੀਅਨ ਓਪਨ ਤੋਂ ਬਾਹਰ ਹੋਣ ਸਮੇਂ ਕਿਹਾ ਸੀ ਕਿ ਹਰੇਕ ਜਗ੍ਹਾ ਖਿਡਾਰੀਆਂ ਦਾ ਪਿੱਛਾ ਕਰਨ ਵਾਲੇ ਕੈਮਰਿਆਂ ਬਾਰੇ ਵਿਚਾਰ ਕਰਨ ਦੀ ਲੋੜ ਹੈ।’’ ਇਹ ਚਰਚਾ ਉਦੋਂ ਸ਼ੁਰੂ ਹੋਈ ਸੀ, ਜਦੋਂ ਕੋਕੋ ਗੌਫ ਨੇ ਐਲੀਨਾ ਸਵਿਤੋਲੀਨਾ ਤੋਂ ਹਾਰਨ ਤੋਂ ਬਾਅਦ ਆਪਣਾ ਰੈਕੇਟ ਸੱਤ ਵਾਰ ਜ਼ਮੀਨ ’ਤੇ ਮਾਰ ਕੇ ਤੋੜ ਦਿੱਤਾ ਸੀ। ਸੇਰੇਨਾ ਵਿਲੀਅਮਜ਼ ਨੇ ਸੋਸ਼ਲ ਮੀਡੀਆ ’ਤੇ ਗੌਫ ਦਾ ਸਮਰਥਨ ਕਰਦਿਆਂ ਕਿਹਾ ਕਿ ਹਾਰ ਤੋਂ ਨਫ਼ਰਤ ਕਰਨਾ ਗ਼ਲਤ ਨਹੀਂ, ਸਗੋਂ ਉਨ੍ਹਾਂ ਕਿਹਾ ਕਿ ਉਹ ਗੌਫ ਨੂੰ ਇੱਕੋ ਵਾਰ ਵਿੱਚ ਰੈਕੇਟ ਤੋੜਨ ਦਾ ਆਪਣਾ ਤਰੀਕਾ ਸਿਖਾ ਸਕਦੀ ਹੈ।

