ਪੈਰਿਸ, 30 ਮਈ
ਜਾਪਾਨ ਦੀ ਚਾਰ ਗਰੈਂਡ ਸਲੈਮ ਜੇਤੂ ਨਾਓਮੀ ਓਸਾਕਾ ਨੂੰ ਇੱਥੇ ਰੋਲਾਂ ਗੈਰਾਂ ਵਿੱਚ ਪਹਿਲੇ ਗੇੜ ਦੀ ਜਿੱਤ ਦਰਜ ਕਰਨ ਮਗਰੋਂ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਨਾ ਹੋਣ ਕਾਰਨ 15000 ਡਾਲਰ ਦਾ ਜੁਰਮਾਨਾ ਕੀਤਾ ਗਿਆ। ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਕਰਵਾਉਣ ਵਾਲੇ ਬੋਰਡ ਨੇ ਜਾਪਾਨੀ ਖਿਡਾਰਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਟੂਰਨਾਮੈਂਟ ਦੇ ਮੈਚਾਂ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਹਿੱਸਾ ਨਾ ਲਿਆ ਤਾਂ ਉਸ ਨੂੰ ਫਰੈਂਚ ਓਪਨ ਤੋਂ ਇਲਾਵਾ ਹੋਰ ਟੂਰਨਾਮੈਂਟ ਖੇਡਣ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ। ਨਾਓਮੀ ਓਸਾਕਾ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਮਾਨਸਿਕ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਫਰੈਂਚ ਓਪਨ ਦੌਰਾਨ ਉਹ ਮੀਡੀਆ ਦੇ ਰੂਬਰੂ ਨਹੀਂ ਹੋ ਸਕੇਗੀ। –ਰਾਇਟਰਜ਼