ਤੂਰਿਨ, 20 ਨਵੰਬਰ
ਨੋਵਾਕ ਜੋਕੋਵਿਚ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਯਾਨਿਕ ਸਿਨਰ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਰਿਕਾਰਡ ਸੱਤਵੀਂ ਵਾਰ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਜੋਕੋਵਿਚ ਨੇ ਇੱਕ ਘੰਟਾ 43 ਮਿੰਟ ਤੱਕ ਚੱਲੇ ਮੈਚ ਵਿੱਚ ਇਟਲੀ ਦੇ ਖਿਡਾਰੀ ਸਿਨਰ ਨੂੰ 6-3, 6-3 ਨਾਲ ਹਰਾ ਕੇ 36 ਸਾਲ ਦੀ ਉਮਰ ਵਿੱਚ ਨਵੀਂ ਉਪਲਬਧੀ ਹਾਸਲ ਕੀਤੀ। ਇਸ ਤਰ੍ਹਾਂ ਸਾਲ ਦੀ ਸ਼ੁਰੂਆਤ ਰਿਕਾਰਡ ਨਾਲ ਕਰਨ ਵਾਲੇ ਜੋਕੋਵਿਚ ਨੇ ਸਾਲ ਦਾ ਅੰਤ ਵੀ ਨਵਾਂ ਰਿਕਾਰਡ ਬਣਾ ਕੇ ਕੀਤਾ। ਉਸ ਨੇ 2023 ਦੇ ਸ਼ੁਰੂ ਵਿੱਚ ਆਸਟਰੇਲਿਆਈ ਓਪਨ ਵਿੱਚ ਆਪਣਾ ਰਿਕਾਰਡ ਦਸਵਾਂ ਖਿਤਾਬ ਜਿੱਤਿਆ ਸੀ। ਇਸ ਮਗਰੋਂ ਉਸ ਨੇ ਫਰੈਂਚ ਓਪਨ ਵਿੱਚ ਜਿੱਤ ਹਾਸਲ ਕਰਕੇ 23ਵਾਂ ਗਰੈਂਡ ਸਲੈਮ ਖਿਤਾਬ ਜਿੱਤ ਕੇ ਰਾਫੇਲ ਨਡਾਲ ਦੇ ਰਿਕਾਰਡ ਨੂੰ ਤੋੜਿਆ ਸੀ। ਜੋਕੋਵਿਚ ਨੂੰ ਵਿੰਬਲਡਨ ਦੇ ਫਾਈਨਲ ਵਿੱਚ ਕਾਰਲਸ ਅਲਕਰਾਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਮਗਰੋਂ ਉਸ ਨੇ ਅਮਰੀਕੀ ਓਪਨ ਵਿੱਚ ਖਿਤਾਬ ਜਿੱਤਿਆ। ਏਟੀਪੀ ਫਾਈਨਲਜ਼ ਵਿੱਚ ਇਸ ਤੋਂ ਪਹਿਲਾਂ ਮੁਕਾਮੀ ਖਿਤਾਬ ਜਿੱਤਣ ਦਾ ਰਿਕਾਰਡ ਸਾਂਝੇ ਤੌਰ ’ਤੇ ਜੋਕੋਵਿਚ ਅਤੇ ਰੋਜ਼ਰ ਫੇਡਰਰ ਦੇ ਨਾਂ ਦਰਜ ਸੀ। -ਏਪੀ