India Wins Gold! ਟੀਮ ਇੰਡੀਆ ਦਾ ਸੁਨਹਿਰੀ ਤਿਲਕ ਨਾਲ ਅਭਿਸ਼ੇਕ
ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਪਾਕਿ ਨੂੰ ਹਰਾ ਕੇ ਕ੍ਰਿਕਟ ਦਾ ਸੋਨ ਤਗ਼ਮਾ ਜਿੱਤਿਆ
ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਦੇ ਤੂਫ਼ਾਨੀ ਨੀਮ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਦਿਲਚਸਪ ਫਾਈਨਲ ’ਚ ਅੱਜ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਇੱਥੇ ਏਸ਼ਿਆਈ ਖੇਡਾਂ ਦੇ ਪੁਰਸ਼ ਕ੍ਰਿਕਟ ਮੁਕਾਬਲੇ ’ਚ ਸੋਨ ਤਗ਼ਮੇ ਦਾ ਸਫਲਤਾਪੂਰਵਕ ਬਚਾਅ ਕੀਤਾ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਵੀ ਕ੍ਰਿਕਟ ’ਚ ਸੋਨੇ ਦਾ ਤਗ਼ਮਾ ਹਾਸਲ ਕੀਤਾ ਸੀ। ਅਭਿਸ਼ੇਕ ਨੇ 28 ਗੇਂਦਾਂ ’ਤੇ 61 ਦੌੜਾਂ ਬਣਾਈਆਂ ਜਿਸ ’ਚ ਤਿੰਨ ਚੌਕੇ ਅਤੇ ਸੱਤ ਛੱਕੇ ਸ਼ਾਮਲ ਸਨ। ਤਿਲਕ ਵਰਮਾ ਨੇ ਆਖ਼ਰੀ ਓਵਰਾਂ ’ਚ 22 ਗੇਂਦਾਂ ’ਚ ਨਾਬਾਦ 51 ਦੌੜਾਂ ਦੀ ਪਾਰੀ ਖੇਡੀ ਜਿਸ ’ਚ ਤਿੰਨ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਸ਼ਿਵਮ ਦੂਬੇ ਨੇ 15 ਗੇਂਦਾਂ ’ਚ 27 ਦੌੜਾਂ ਦਾ ਯੋਗਦਾਨ ਦਿੱਤਾ।
ਟੌਸ ਜਿੱਤ ਕਿ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 6 ਵਿਕਟਾਂ ਗੁਆ ਕੇ 211 ਦੌੜਾਂ ਬਣਾਈਆਂ। ਪਾਕਿਸਤਾਨ 6 ਵਿਕਟਾਂ ਗੁਆ ਕੇ 192 ਦੌੜਾਂ ਹੀ ਬਣਾ ਸਕਿਆ ਅਤੇ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪਾਕਿਸਤਾਨ ਦੀ ਸ਼ੁਰੂਆਤ ਖ਼ਰਾਬ ਰਹੀ ਸੀ ਪਰ ਹਸਨ ਨਵਾਜ਼ ਦੀ 51 ਗੇਂਦਾਂ ’ਤੇ 96 ਦੌੜਾਂ ਦੀ ਪਾਰੀ ਨਾਲ ਉਹ ਮੁਕਾਬਲੇ ’ਚ ਬਣਿਆ ਰਿਹਾ। ਅਖ਼ੀਰ ’ਚ ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ ਅਤੇ ਸ਼ਿਵਮ ਦੂਬੇ ਦੀ ਵਧੀਆ ਗੇਂਦਬਾਜ਼ੀ ਨਾਲ ਪਾਕਿਸਤਾਨ ਟੀਚਾ ਹਾਸਲ ਕਰਨ ਤੋਂ ਖੁੰਝ ਗਿਆ। ਭਾਰਤ ਵੱਲੋਂ ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ ਅਤੇ ਸ਼ਿਵਮ ਦੂਬੇ ਨੇ ਦੋ-ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਪਿਛਲੇ ਸਾਲ ਪਾਕਿਸਤਾਨ ਖ਼ਿਲਾਫ਼ ਏਸ਼ੀਆ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਭਿਸ਼ੇਕ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 20 ਗੇਂਦਾਂ ’ਚ ਨੀਮ ਸੈਂਕੜਾ ਬਣਾ ਕੇ ਪਾਕਿਸਤਾਨ ਦੀ ਫਿਰਕੀ ਗੇਂਦਬਾਜ਼ੀ ਨੂੰ ਤਹਿਸ-ਨਹਿਸ ਕਰ ਦਿੱਤਾ। ਵੈਭਵ ਸੂਰਿਆਵੰਸ਼ੀ 9 ਗੇਂਦਾਂ ’ਚ 15 ਦੌੜਾਂ ਬਣਾ ਕੇ ਆਊਟ ਹੋਇਆ। ਪਾਕਿਸਤਾਨੀ ਫਿਰਕੀ ਗੇਂਦਬਾਜ਼ ਸਾਦ ਮਸੂਦ ਨੇ ਸੂਰਿਆਵੰਸ਼ੀ ਨੂੰ ਆਊਟ ਕਰਨ ਮਗਰੋਂ ‘ਗੋਦ ’ਚ ਬੱਚੇ ਨੂੰ ਖਿਡਾਉਣ ਵਰਗੀ ਸ਼ੈਲੀ’ ’ਚ ਜਸ਼ਨ ਮਨਾਇਆ।

