Tanvi Sharma ਨੇ Taipei ਓਪਨ ’ਚ ਰਚਿਆ ਇਤਿਹਾਸ: ਜਿੱਤਿਆ ਆਪਣਾ ਪਹਿਲਾ BWF ਸੁਪਰ 300 ਖ਼ਿਤਾਬ
ਸਾਇਨਾ ਨੇਹਵਾਲ ਤੋਂ ਬਾਅਦ ਤੈਪਈ ਓਪਨ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ
ਭਾਰਤ ਦੀ 17 ਸਾਲਾ ਉੱਭਰਦੀ ਬੈਡਮਿੰਟਨ ਸਟਾਰ ਤਨਵੀ ਸ਼ਰਮਾ ਨੇ ਐਤਵਾਰ ਨੂੰ ਤੈਪਈ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਫਾਈਨਲ ਵਿੱਚ ਵੀਅਤਨਾਮ ਦੀ ਛੇਵੀਂ ਸੀਡ ਖਿਡਾਰਨ ਥੁਈ ਲਿਨ ਨਗੁਏਨ ਨੂੰ ਹਰਾ ਕੇ ਆਪਣਾ ਪਹਿਲਾ BWF ਵਰਲਡ ਟੂਰ ਖ਼ਿਤਾਬ ਜਿੱਤ ਲਿਆ ਹੈ। ਪੰਜਾਬ ਦੀ ਰਹਿਣ ਵਾਲੀ ਤਨਵੀ ਨੇ ਮਹਿਜ਼ 36 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਨਗੁਏਨ ਨੂੰ 21-16, 21-16 ਨਾਲ ਸਿੱਧੇ ਸੈੱਟਾਂ ਵਿੱਚ ਮਾਤ ਦਿੱਤੀ।
ਪੀ.ਵੀ. ਸਿੰਧੂ ਦੇ ਸਾਬਕਾ ਕੋਚ ਪਾਰਕ ਤਾਏ-ਸੰਗ (Park Tae-sang) ਦੇ ਮਾਰਗਦਰਸ਼ਨ ਹੇਠ ਖੇਡ ਰਹੀ ਤਨਵੀ, 2008 ਵਿੱਚ ਸਾਇਨਾ ਨੇਹਵਾਲ ਦੁਆਰਾ ਇਹ ਟਰਾਫ਼ੀ ਜਿੱਤਣ ਤੋਂ ਬਾਅਦ ਤੈਪਈ ਓਪਨ ਵਿੱਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਇਸ ਤੋਂ ਇਲਾਵਾ, 17 ਸਾਲ ਅਤੇ 222 ਦਿਨਾਂ ਦੀ ਉਮਰ ਵਿੱਚ ਤਨਵੀ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੀ ਫਾਈਨਲਿਸਟ ਬਣੀ ਹੈ। ਉਸ ਨੇ ਕੋਰੀਆਈ ਦਿੱਗਜ ਲੀ ਯੋਂਗ ਡੇ ਦਾ ਰਿਕਾਰਡ ਤੋੜਿਆ, ਜੋ 2006 ਵਿੱਚ 17 ਸਾਲ 287 ਦਿਨਾਂ ਦੀ ਉਮਰ ਵਿੱਚ ਫਾਈਨਲ ਵਿੱਚ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਸਾਬਕਾ ਵਿਸ਼ਵ ਜੂਨੀਅਰ ਨੰਬਰ 1 ਖਿਡਾਰਨ ਤਨਵੀ ਸ਼ਰਮਾ ਨੇ ਇਸ ਤੋਂ ਪਹਿਲਾਂ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਇੱਕ ਹੀ ਐਡੀਸ਼ਨ ਵਿੱਚ ਦੋ ਤਗਮੇ (ਮਹਿਲਾ ਸਿੰਗਲਜ਼ ’ਚ ਚਾਂਦੀ ਅਤੇ ਮਿਕਸਡ ਟੀਮ ’ਚ ਕਾਂਸੀ) ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ਦਾ ਮਾਣ ਹਾਸਲ ਕੀਤਾ ਸੀ। ਉਹ 2025 ਵਿੱਚ 16 ਸਾਲ ਦੀ ਉਮਰ ਵਿੱਚ ਯੂ.ਐੱਸ. ਓਪਨ ਦੇ ਫਾਈਨਲ ਵਿੱਚ ਵੀ ਪਹੁੰਚੀ ਸੀ।

