Tajinderpal Singh Toor ਦਾ ਅਗਲਾ ਨਿਸ਼ਾਨਾ 22 ਮੀਟਰ ਦਾ ਰਿਕਾਰਡ
ਜ਼ਹਿਰਬਾਦ ਕਾਰਨ ਬਿਮਾਰ ਹੋਣ ’ਤੇ ਤਜਿੰਦਰਪਾਲ ਸਿੰਘ ਤੂਰ ਦੀਆਂ 2026 ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋਣ ਦਾ ਡਰ ਪੈਦਾ ਹੋ ਗਿਆ ਸੀ, ਪਰ ਇਸ ਤਜਰਬੇਕਾਰ ਸ਼ਾਟਪੁੱਟ ਖਿਡਾਰੀ ਨੇ ਇਸ ਅੜਿੱਕੇ ਨੂੰ ਆਪਣੇ ਸੀਜ਼ਨ ’ਤੇ ਹਾਵੀ ਨਹੀਂ ਹੋਣ...
ਜ਼ਹਿਰਬਾਦ ਕਾਰਨ ਬਿਮਾਰ ਹੋਣ ’ਤੇ ਤਜਿੰਦਰਪਾਲ ਸਿੰਘ ਤੂਰ ਦੀਆਂ 2026 ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋਣ ਦਾ ਡਰ ਪੈਦਾ ਹੋ ਗਿਆ ਸੀ, ਪਰ ਇਸ ਤਜਰਬੇਕਾਰ ਸ਼ਾਟਪੁੱਟ ਖਿਡਾਰੀ ਨੇ ਇਸ ਅੜਿੱਕੇ ਨੂੰ ਆਪਣੇ ਸੀਜ਼ਨ ’ਤੇ ਹਾਵੀ ਨਹੀਂ ਹੋਣ ਦਿੱਤਾ। ਰਾਂਚੀ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਜਿੱਥੇ ਬਿਮਾਰੀ ਨੇ ਉਸ ਤੋਂ ਉਸ ਦਾ ਸਰਬੋਤਮ ਪ੍ਰਦਰਸ਼ਨ ਕਰਨ ਦਾ ਮੌਕਾ ਖੋਹ ਲਿਆ ਸੀ, ਤੋਂ ਕੁਝ ਹਫ਼ਤਿਆਂ ਬਾਅਦ ਇਸ 31 ਸਾਲਾ ਖਿਡਾਰੀ ਨੇ ਲੁਧਿਆਣਾ ਵਿੱਚ ਇੰਡੀਅਨ ਐਥਲੈਟਿਕਸ ਸੀਰੀਜ਼-9 ਦੌਰਾਨ 20.72 ਮੀਟਰ ਦੀ ਥਰੋਅ ਸੁੱਟ ਕੇ ਰਾਸ਼ਟਰਮੰਡਲ ਖੇਡਾਂ 2026 ਦੇ ਕੁਆਲੀਫਿਕੇਸ਼ਨ ਮਾਪਦੰਡ ਨੂੰ ਸਫਲਤਾਪੂਰਵਕ ਪਾਰ ਕਰ ਲਿਆ। ਭਾਰਤ ਦੇ ਸਭ ਤੋਂ ਸਫਲ ਸ਼ਾਟਪੁੱਟ ਖਿਡਾਰੀ ਤੂਰ ਲਈ ਇਹ ਥਰੋਅ ਸਿਰਫ਼ ਕੁਆਲੀਫਿਕੇਸ਼ਨ ਮਾਰਕ ਤੋਂ ਕਿਤੇ ਵੱਧ ਸੀ। ਸੱਟਾਂ ਨਾਲ ਜੂਝਦਿਆਂ ਲੰਘੇ ਦੋ ਸਾਲਾਂ ਬਾਅਦ ਉਸ ਦੀ ਲੈਅ ਵਿੱਚ ਵਾਪਸੀ ਦਾ ਪ੍ਰਤੀਕ ਸੀ ਅਤੇ ਇਸ ਨੇ ਉਸ ਦੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਕਿ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ 22 ਮੀਟਰ ਦਾ ਰਿਕਾਰਡ ਹੁਣ ਆਖ਼ਰਕਾਰ ਉਸ ਦੀ ਪਹੁੰਚ ਵਿੱਚ ਹੈ।
ਦੋ ਵਾਰ ਦਾ ਏਸ਼ਿਆਈ ਖੇਡਾਂ ਦਾ ਚੈਂਪੀਅਨ ਅਤੇ ਦੋ ਵਾਰ ਦਾ ਓਲੰਪੀਅਨ ਤੂਰ ਪਿਛਲੇ ਲਗਪਗ ਇੱਕ ਦਹਾਕੇ ਤੋਂ ਭਾਰਤੀ ਸ਼ਾਟਪੁੱਟ ’ਤੇ ਰਾਜ ਕਰ ਰਿਹਾ ਹੈ। 21.77 ਮੀਟਰ ਦੇ ਆਪਣੇ ਨਿੱਜੀ ਸਰਬੋਤਮ ਪ੍ਰਦਰਸ਼ਨ ਨਾਲ ਕੌਮੀ ਰਿਕਾਰਡ ਧਾਰਕ ਤੂਰ ਦੇ ਨਾਮ ਏਸ਼ਿਆਈ ਖੇਡਾਂ ਦਾ ਰਿਕਾਰਡ ਵੀ ਹੈ ਅਤੇ ਉਹ ਕੁਝ ਸਮੇਂ ਲਈ ਏਸ਼ਿਆਈ ਰਿਕਾਰਡ ਵੀ ਆਪਣੇ ਨਾਮ ਕਰ ਚੁੱਕਾ ਹੈ, ਜੋ ਬਾਅਦ ਵਿੱਚ ਟੁੱਟ ਗਿਆ ਸੀ। ਇਸ ਸ਼ਾਨਦਾਰ ਸਫ਼ਰ ਦੇ ਬਾਵਜੂਦ, ਪੰਜਾਬ ਦੇ ਇਸ ਐਥਲੀਟ ਦਾ ਮੰਨਣਾ ਹੈ ਕਿ ਉਸ ਦਾ ਸਰਬੋਤਮ ਪ੍ਰਦਰਸ਼ਨ ਆਉਣਾ ਅਜੇ ਬਾਕੀ ਹੈ।
