ਟੇਬਲ ਟੈਨਿਸ: ਭਾਰਤੀ ਖਿਡਾਰੀਆਂ ਨੇ ਸਿੰਗਲਜ਼ ਦੇ ਸਾਰੇ ਸੈਮੀ ਫਾਈਨਲ ’ਚ ਜਗ੍ਹਾ ਪੱਕੀ ਕੀਤੀ
ਮਹਿਲਾ ਖਿਡਾਰਨਾਂ ਨੇ ਸਾਰੇ ਮੁਕਾਬਲੇ ਜਿੱਤ ਕੇ ਇੱਕਪਾਸਡ਼ ਕਲੀਨ ਸਵੀਪ ਕੀਤਾ
ਭਾਰਤ ਨੇ ਅੱਜ ਇੱਥੇ ਤਿਆਗਰਾਜ ਸਟੇਡੀਅਮ ਵਿੱਚ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਆਖ਼ਰੀ ਪੜਾਅ ਤੋਂ ਪਹਿਲਾਂ ਵਾਲੇ ਦਿਨ ਆਪਣਾ ਦਬਦਬਾ ਬਣਾਉਂਦਿਆਂ ਪੁਰਸ਼ਾਂ ਅਤੇ ਮਹਿਲਾਵਾਂ ਦੇ ਸਿੰਗਲਜ਼ ਦੇ ਸਾਰੇ ਅੱਠ ਸੈਮੀ ਫਾਈਨਲਜ਼ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਮਹਿਲਾ ਖਿਡਾਰਨਾਂ ਨੇ ਸਾਰੇ ਮੁਕਾਬਲੇ ਜਿੱਤ ਕੇ ਇੱਕਪਾਸੜ ਕਲੀਨ ਸਵੀਪ ਕੀਤਾ ਅਤੇ ਸੈਮੀ ਫਾਈਨਲ ਵਿੱਚ ਪੂਰੀ ਤਰ੍ਹਾਂ ਭਾਰਤੀ ਮੁਕਾਬਲਾ ਤੈਅ ਕਰ ਦਿੱਤਾ, ਜਦੋਂ ਕਿ ਪੁਰਸ਼ ਖਿਡਾਰੀਆਂ ਨੇ ਵੀ ਵਿਦੇਸ਼ੀ ਅਤੇ ਘਰੇਲੂ ਚੁਣੌਤੀਆਂ ਨੂੰ ਪਾਰ ਕਰਦਿਆਂ ਚਾਰੇ ਸੈਮੀ ਫਾਈਨਲਾਂ ’ਚ ਜਗ੍ਹਾ ਬਣਾ ਲਈ।
ਸਿਖਰਲੇ ਦਰਜੇ ਦੇ ਖਿਡਾਰੀ ਮਾਨੁਸ਼ ਸ਼ਾਹ ਨੂੰ ਆਸਟਰੇਲੀਆ ਦੇ ਆਦਿਤਿਆ ਸਰੀਨ ਵਿਰੁੱਧ ਛੇ ਗੇਮਾਂ ਤੱਕ ਸਖ਼ਤ ਮੁਕਾਬਲਾ ਕਰਨਾ ਪਿਆ, ਜਿਸ ਮਗਰੋਂ ਉਸ ਨੇ 11-6, 11-8, 2-11, 13-15, 11-8, 11-5 ਨਾਲ ਜਿੱਤ ਦਰਜ ਕੀਤੀ। ਪਾਇਸ ਜੈਨ ਸਭ ਤੋਂ ਖ਼ਾਸ ਆਪਸੀ ਭਾਰਤੀ ਕੁਆਰਟਰ ਫਾਈਨਲ ਵਿੱਚ ਜੇਤੂ ਰਿਹਾ, ਜਿਸ ਨੇ ਰੋਮਾਂਚਕ ਛੇ ਗੇਮਾਂ ਦੇ ਮੁਕਾਬਲੇ ਵਿੱਚ ਹਰਮੀਤ ਦੇਸਾਈ ਨੂੰ 8-11, 12-10, 12-14, 12-10, 11-6, 11-9 ਨਾਲ ਹਰਾਇਆ। ਅੰਕੁਰ ਭੱਟਾਚਾਰੀਆ ਨੇ ਦੋ ਵਾਰ ਪਛੜਨ ਤੋਂ ਬਾਅਦ ਵਾਪਸੀ ਕਰਦਿਆਂ ਆਸਟਰੇਲੀਆ ਦੇ ਨਿਕੋਲਸ ਵੇਨ ਜ਼ੈਂਗ ਲੁਮ ਨੂੰ 7-11, 15-13, 10-12, 11-5, 11-9, 11-9 ਨਾਲ ਮਾਤ ਦਿੱਤੀ, ਜਦੋਂ ਕਿ ਮਾਨਵ ਠੱਕਰ ਨੇ ਹੌਲੀ ਸ਼ੁਰੂਆਤ ਤੋਂ ਬਾਅਦ ਸੰਭਲਦਿਆਂ ਇੰਗਲੈਂਡ ਦੇ ਕਾਨਰ ਅਲੈਗਜ਼ੈਂਡਰ ਗ੍ਰੀਨ ਨੂੰ 5-11, 11-8, 13-11, 11-8, 11-6 ਨਾਲ ਹਰਾਇਆ।

