T20 ਵਿਸ਼ਵ ਕੱਪ: ਕੀ ਟੀਮ ਵਿੱਚੋਂ ਬਾਹਰ ਰੱਖਣ ਬਾਰੇ ਪਹਿਲਾਂ ਲਏ ਫੈਸਲੇ ਤੋਂ ਅਣਜਾਣ ਸੀ ਸ਼ੁਭਮਨ ਗਿੱਲ ?
ਹਾਲ ਹੀ ਵਿੱਚ ਆਈ ਇੱਕ ਰਿਪੋਰਟ ਮੁਤਾਬਕ T20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚੋਂ ਸ਼ੁਭਮਨ ਗਿੱਲ ਨੂੰ ਬਾਹਰ ਕਰਨ ਦਾ ਫੈਸਲਾ ਅਚਨਚੇਤ ਸ਼ਨਿਚਰਵਾਰ ਨੂੰ ਟੀਮ ਦਾ ਐਲਾਨ ਕਰਨ ਮੌਕੇ ਨਹੀਂ , ਬਲਕਿ ਇਹ ਫੈਸਲਾ ਬਹੁਤ ਪਹਿਲਾਂ ਬੁੱਧਵਾਰ ਨੂੰ ਹੀ...
ਹਾਲ ਹੀ ਵਿੱਚ ਆਈ ਇੱਕ ਰਿਪੋਰਟ ਮੁਤਾਬਕ T20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚੋਂ ਸ਼ੁਭਮਨ ਗਿੱਲ ਨੂੰ ਬਾਹਰ ਕਰਨ ਦਾ ਫੈਸਲਾ ਅਚਨਚੇਤ ਸ਼ਨਿਚਰਵਾਰ ਨੂੰ ਟੀਮ ਦਾ ਐਲਾਨ ਕਰਨ ਮੌਕੇ ਨਹੀਂ , ਬਲਕਿ ਇਹ ਫੈਸਲਾ ਬਹੁਤ ਪਹਿਲਾਂ ਬੁੱਧਵਾਰ ਨੂੰ ਹੀ ਲੈ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ BCCI ਸਕੱਤਰ ਦੇਵਾਜੀਤ ਸੈਕੀਆ ਨੇ ਅਧਿਕਾਰਤ ਤੌਰ 'ਤੇ ਟੀਮ ਦਾ ਐਲਾਨ ਕੀਤਾ।
PTI ਦੀ ਇੱਕ ਰਿਪੋਰਟ ਵਿੱਚ BCCI ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਬੁੱਧਵਾਰ ਨੂੰ ਹੀ ਇਹ ਤੈਅ ਹੋ ਗਿਆ ਸੀ ਕਿ ਗਿੱਲ ਨੂੰ ਵਿਸ਼ਵ ਕੱਪ ਲਈ ਨਹੀਂ ਚੁਣਿਆ ਜਾਵੇਗਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਨਿਚਰਵਾਰ ਸਵੇਰ ਤੱਕ ਨਾ ਤਾਂ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੇ, ਨਾ ਹੀ ਕਪਤਾਨ ਸੂਰਿਆਕੁਮਾਰ ਯਾਦਵ ਜਾਂ ਮੁੱਖ ਕੋਚ ਗੌਤਮ ਗੰਭੀਰ ਨੇ ਗਿੱਲ ਨੂੰ ਇਸ ਬਾਰੇ ਕੋਈ ਜਾਣਕਾਰੀ ਦਿੱਤੀ।
ਜਿੱਥੇ ਇੱਕ ਪਾਸੇ ਕਪਤਾਨ (ਸੂਰਿਆਕੁਮਾਰ), ਜਿਨ੍ਹਾਂ ਦਾ ਪਿਛਲੇ ਸਾਲ ਦਾ ਰਿਕਾਰਡ ਖ਼ਰਾਬ ਰਿਹਾ ਹੈ, ਨੂੰ ਰਾਹਤ ਮਿਲ ਗਈ ਉੱਥੇ ਹੀ ਗਿੱਲ ਲਈ ਇਹ ਨਿਰਾਸ਼ ਹੋਣਾ ਸੁਭਾਵਿਕ ਹੈ, ਕਿਉਂਕਿ ਉਨ੍ਹਾਂ ਨੂੰ ਬੜੀ ਬੇਰਹਿਮੀ ਨਾਲ ਟੀਮ ਵਿੱਚੋਂ ਲਾਂਭੇ ਕਰ ਦਿੱਤਾ ਗਿਆ।
ਜਦੋਂ ਇਹ ਖ਼ਬਰ ਆਈ ਕਿ ਬੱਲੇਬਾਜ਼ੀ ਕਰਦੇ ਸਮੇਂ ਗਿੱਲ ਦੇ ਪੈਰ ਦੇ ਅੰਗੂਠੇ 'ਤੇ ਸੱਟ ਲੱਗ ਗਈ ਹੈ, ਤਾਂ ਇਹ ਸਪੱਸ਼ਟ ਹੋ ਗਿਆ ਸੀ ਕਿ ਕੁਝ ਗੜਬੜ ਹੈ। ਅਜਿਹਾ ਲੱਗਦਾ ਸੀ ਕਿ ਗੰਭੀਰ ਅਤੇ ਸੂਰਿਆਕੁਮਾਰ ਦੀ ਅਗਵਾਈ ਵਾਲੇ ਟੀਮ ਪ੍ਰਬੰਧਨ ਨੇ ਪਹਿਲਾਂ ਹੀ ਗਿੱਲ ਤੋਂ ਬਿਨਾਂ ਅੱਗੇ ਵਧਣ ਦਾ ਮਨ ਬਣਾ ਲਿਆ ਸੀ। ਸੂਤਰਾਂ ਅਨੁਸਾਰ, ਪ੍ਰਬੰਧਨ ਨੇ ਉਪ-ਕਪਤਾਨ ਨੂੰ ਬਾਹਰ ਕਰਨ ਦਾ ਫੈਸਲਾ ਉਦੋਂ ਵੀ ਲੈ ਲਿਆ ਸੀ ਜਦੋਂ ਉਹ ਅਹਿਮਦਾਬਾਦ ਮੈਚ ਖੇਡਣ ਲਈ ਉਤਸੁਕ ਸੀ, ਕਿਉਂਕਿ ਸੱਟ ਗੰਭੀਰ ਨਹੀਂ ਸੀ।
ਪਹਿਲਾਂ ਮੈਡੀਕਲ ਟੀਮ ਨੂੰ 'ਹੇਅਰਲਾਈਨ ਫਰੈਕਚਰ' ਦਾ ਡਰ ਸੀ, ਪਰ ਸਕੈਨ ਵਿੱਚ ਪਤਾ ਲੱਗਿਆ ਕਿ ਇਹ ਸਿਰਫ ਮਾਮੂਲੀ ਸੱਟ ਸੀ ਅਤੇ ਗਿੱਲ ਦਰਦ ਨਿਵਾਰਕ ਦਵਾਈਆਂ (painkillers) ਲੈ ਕੇ ਖੇਡ ਸਕਦਾ ਸੀ। ਇੱਕ ਸਾਬਕਾ ਰਾਸ਼ਟਰੀ ਚੋਣਕਾਰ ਨੇ PTI ਨੂੰ ਦੱਸਿਆ, "ਜੇ ਇੰਗਲੈਂਡ ਵਿਰੁੱਧ ਟੈਸਟ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਏਸ਼ੀਆ ਕੱਪ ਲਈ ਉਪ-ਕਪਤਾਨ ਬਣਾਉਣਾ ਇੱਕ ਗਲਤ ਕਦਮ ਸੀ (ਕਿਉਂਕਿ ਸੰਜੂ ਸੈਮਸਨ ਨੇ ਕੁਝ ਗਲਤ ਨਹੀਂ ਸੀ ਕੀਤਾ), ਤਾਂ ਵਿਸ਼ਵ ਕੱਪ ਤੋਂ ਸਿਰਫ ਪੰਜ ਮੈਚ ਪਹਿਲਾਂ ਉਸ ਨੂੰ ਹਟਾਉਣਾ ਅਗਰਕਰ ਦੇ ਪੈਨਲ ਵੱਲੋਂ ਇੱਕ ਸੁਧਾਰਾਤਮਕ ਕਦਮ ਜਾਪਦਾ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਇਸ ਫੈਸਲੇ 'ਤੇ ਮੁੱਖ ਕੋਚ (ਗੰਭੀਰ) ਦੀ ਛਾਪ ਜ਼ਿਆਦਾ ਦਿਖਦੀ ਹੈ, ਜੋ ਟੀਮ ਵਿੱਚ ਨਿਰੰਤਰਤਾ ਬਣਾਈ ਰੱਖਣ ਲਈ ਨਹੀਂ ਜਾਣੇ ਜਾਂਦੇ।
ਸ਼ਨਿਚਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਅਗਰਕਰ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਉਹ (ਗਿੱਲ) ਕਿੰਨਾ ਵਧੀਆ ਖਿਡਾਰੀ ਹੈ, ਪਰ ਸ਼ਾਇਦ ਇਸ ਸਮੇਂ ਉਸ ਕੋਲ ਦੌੜਾਂ ਦੀ ਕਮੀ ਹੈ। ਉਹ ਪਿਛਲੇ ਵਿਸ਼ਵ ਕੱਪ ਵਿੱਚ ਵੀ ਖੇਡਣ ਤੋਂ ਰਹਿ ਗਿਆ ਸੀ ਕਿਉਂਕਿ ਅਸੀਂ ਇੱਕ ਵੱਖਰਾ ਸੁਮੇਲ (combination) ਚਾਹੁੰਦੇ ਸੀ। ਅਸੀਂ ਉੱਪਰਲੇ ਕ੍ਰਮ ਵਿੱਚ ਦੋ ਵਿਕਟਕੀਪਰਾਂ ਨਾਲ ਕੋਸ਼ਿਸ਼ ਕਰਨਾ ਚਾਹੁੰਦੇ ਹਾਂ। ਜਦੋਂ ਤੁਸੀਂ 15 ਖਿਡਾਰੀ ਚੁਣਦੇ ਹੋ, ਤਾਂ ਕਿਸੇ ਨਾ ਕਿਸੇ ਨੂੰ ਬਾਹਰ ਰਹਿਣਾ ਪੈਂਦਾ ਹੈ, ਅਤੇ ਬਦਕਿਸਮਤੀ ਨਾਲ ਇਸ ਵਾਰ ਉਹ ਗਿੱਲ ਹੈ।’’
ਧਿਆਨ ਦੇਣ ਯੋਗ ਹੈ ਕਿ ਗਿੱਲ ਅਜੇ ਵੀ ਦੋ ਹੋਰ ਫਾਰਮੈਟਾਂ ਵਿੱਚ ਭਾਰਤ ਦੇ ਕਪਤਾਨ ਹਨ। ਟੀT20 ਵਿਸ਼ਵ ਕੱਪ ਲਈ ਟੀਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਗਿੱਲ ਦੇ ਫੈਨਜ਼ ਨਿਰਾਸ਼ ਦਿਖਾਈ ਦੇ ਰਹੇ।

