T20 World Cup: ਕੈਪ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ
ਦੱਖਣੀ ਅਫਰੀਕਾ ਦੀ ਖਿਡਾਰਨ ਨੇ ਨਾਬਾਦ 81 ਦੌੜਾਂ ਬਣਾਈਆਂ; ਹਰਮਨਪ੍ਰੀਤ ਨੇ ਬਣਾਇਆ 200 ਟੀ20 ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ
South Africa Beat India in Women's T20 World Cup: ਮਹਿਲਾ ਟੀ20 ਵਿਸ਼ਵ ਕੱਪ ਦੇ ਗਰੁੱਪ-ਏ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੇ ਮੈਰਿਜ਼ਾਨੇ ਕੈਪ ਦੇ ਸ਼ਾਨਦਾਰ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਕੈਪ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ 27 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ ਅਤੇ ਫਿਰ ਨਾਬਾਦ 81 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਆਪਣੀ ਟੀਮ ਨੂੰ ਪੰਜ ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਿਵਾਈ। ਉਨ੍ਹਾਂ ਨੇ 45 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਇਹ ਪਾਰੀ ਖੇਡੀ।
ਭਾਰਤ ਵੱਲੋਂ ਬਣਾਏ 158 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਨੇ 19.1 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 161 ਦੌੜਾਂ ਬਣਾਈਆਂ। ਕੈਪ ਅਤੇ ਤਾਜ਼ਮਿਨ ਬ੍ਰਿਟਸ ਨੇ ਤੀਜੇ ਵਿਕਟ ਲਈ 97 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਬ੍ਰਿਟਸ ਨੇ 36 ਗੇਂਦਾਂ ਵਿੱਚ 40 ਦੌੜਾਂ ਬਣਾਈਆਂ। ਭਾਰਤ ਲਈ ਸ੍ਰੀ ਚਰਨੀ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਪਰ ਰਾਧਾ ਯਾਦਵ ਨੇ ਕੈਪ ਦੇ ਦੋ ਆਸਾਨ ਕੈਚ ਛੱਡੇ ਜੋ ਟੀਮ ਲਈ ਮਹਿੰਗਾ ਸਾਬਤ ਹੋਇਆ।
ਇਸ ਤੋਂ ਪਹਿਲਾਂ ਭਾਰਤ ਨੇ ਸੱਤ ਵਿਕਟਾਂ ’ਤੇ 158 ਦੌੜਾਂ ਬਣਾਈਆਂ। ਦੀਪਤੀ ਸ਼ਰਮਾ ਨੇ 21 ਗੇਂਦਾਂ ਵਿੱਚ 29 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ 24 ਦੌੜਾਂ ਬਣਾਈਆਂ। ਹਰਮਨਪ੍ਰੀਤ ਨੇ ਇਸ ਮੈਚ ਨਾਲ ਇੱਕ ਹੋਰ ਉਪਲਬਧੀ ਆਪਣੇ ਨਾਮ ਕੀਤੀ ਅਤੇ ਉਹ 200 ਟੀ20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਪਹਿਲੀ ਕ੍ਰਿਕਟਰ ਬਣ ਗਈ।
