ਸਿਖਰਲੇ ਕ੍ਰਮ ਦੀ ਕਮਜ਼ੋਰੀ ਅਤੇ ਪਿਛਲੀ ਕਰਾਰੀ ਹਾਰ ਦੇ ਦਬਾਅ ਹੇਠ ਮੌਜੂਦਾ ਚੈਂਪੀਅਨ ਭਾਰਤੀ ਟੀਮ ਨੂੰ ਵੀਰਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਆਪਣੇ ਦੂਜੇ ਸੁਪਰ-8 ਮੈਚ ਵਿੱਚ ਚੁਣੌਤੀਪੂਰਨ ਜ਼ਿੰਬਾਬਵੇ ਵਿਰੁੱਧ ਆਪਣੀ ਪੂਰੀ ਤਾਕਤ ਝੋਕਣੀ ਪਵੇਗੀ। ਐਤਵਾਰ ਨੂੰ ਦੱਖਣੀ ਅਫਰੀਕਾ ਹੱਥੋਂ ਮਿਲੀ 76 ਦੌੜਾਂ ਦੀ ਹਾਰ ਤੋਂ ਬਾਅਦ ਭਾਰਤ ਦੇ ਨੈੱਟ ਰਨ ਰੇਟ (-3.80) ਨੂੰ ਵੱਡੀ ਸੱਟ ਵੱਜੀ ਹੈ। ਇਸ ਆਈ ਸੀ ਸੀ ਟੂਰਨਾਮੈਂਟ ਵਿੱਚ ਟਿਕੇ ਰਹਿਣ ਲਈ ਭਾਰਤ ਵਾਸਤੇ ਇਹ ਮੁਕਾਬਲਾ ਵੱਡੇ ਫ਼ਰਕ ਨਾਲ ਜਿੱਤਣਾ ਬੇਹੱਦ ਜ਼ਰੂਰੀ ਹੈ।
ਭਾਰਤ ਨੂੰ ਸਲਾਮੀ ਬੱਲੇਬਾਜ਼ੀ ਅਤੇ ਤੀਜੇ ਨੰਬਰ ਦੀਆਂ ਖਾਲੀ ਥਾਵਾਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਹੈ। ਵਿਸ਼ਵ ਕੱਪ ਤੋਂ ਪਹਿਲਾਂ ਅਭਿਸ਼ੇਕ ਸ਼ਰਮਾ ਅਤੇ ਇਸ਼ਾਨ ਕਿਸ਼ਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਪੇਟ ਦੀ ਲਾਗ ਤੋਂ ਬਾਅਦ ਅਭਿਸ਼ੇਕ ਦੀ ਬੱਲੇਬਾਜ਼ੀ ਦੀ ਚਮਕ ਫਿੱਕੀ ਪੈ ਗਈ ਹੈ। ਹੌਲੀ ਪਿੱਚਾਂ ਅਤੇ ਆਫ ਸਪਿੰਨਰਾਂ ਨੇ ਉਸ ਦੀ ਹਮਲਾਵਰ ਖੇਡ ਨੂੰ ਰੋਕ ਦਿੱਤਾ ਹੈ। ਅਭਿਸ਼ੇਕ ਨੇ ਚਾਰ ਮੈਚਾਂ ਵਿੱਚ ਸਿਰਫ 15 ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਸ ਦੀ ਔਸਤ 3.75 ਅਤੇ ਸਟਰਾਈਕ ਰੇਟ 75 ਰਿਹਾ ਹੈ।
ਸੂਰਿਆਕੁਮਾਰ ਯਾਦਵ ਨੇ ਹਾਲਾਂਕਿ 180 ਦੌੜਾਂ ਬਣਾਈਆਂ ਹਨ, ਪਰ ਉਨ੍ਹਾਂ ਦਾ ਸਟਰਾਈਕ ਰੇਟ 127 ਹੈ, ਜੋ ਉਨ੍ਹਾਂ ਦੇ ਕਰੀਅਰ ਦੇ ਔਸਤ ਸਟਰਾਈਕ ਰੇਟ (161) ਤੋਂ ਕਾਫ਼ੀ ਘੱਟ ਹੈ। ਇਸ ਹੌਲੀ ਰਫ਼ਤਾਰ ਕਾਰਨ ਇਸ਼ਾਨ ਕਿਸ਼ਨ ’ਤੇ ਤੇਜ਼ੀ ਨਾਲ ਦੌੜਾਂ ਬਣਾਉਣ ਦਾ ਸਾਰਾ ਦਬਾਅ ਆ ਗਿਆ ਹੈ। ਜੇ ਸ਼ਿਵਮ ਦੂਬੇ ਅਤੇ ਹਾਰਦਿਕ ਪੰਡਿਆ ਅਖ਼ੀਰ ਵਿੱਚ ਆ ਕੇ ਤੇਜ਼ੀ ਨਾਲ ਦੌੜਾਂ ਨਾ ਬਣਾਉਂਦੇ ਤਾਂ ਭਾਰਤ ਲਈ ਕਈ ਮੈਚ ਵਿੱਚ ਸਨਮਾਨਜਨਕ ਸਕੋਰ ਤੱਕ ਪਹੁੰਚਣਾ ਵੀ ਮੁਸ਼ਕਲ ਹੋ ਜਾਣਾ ਸੀ।

