T-20 World Cup: IND vs PAK: ਮੀਂਹ ਨੇ ਪ੍ਰਸੰਸਕਾਂ ਦੇ ਫਿਕਰ ਵਧਾਏ
ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਭਾਰੀ ਮੀਂਹ ਦੀ ਚਿਤਾਵਨੀ; ਮੈਚ ਰੱਦ ਜਾਂ ਓਵਰ ਘਟਾੳੁਣ ਦੀ ਵੀ ਸੰਭਾਵਨਾ
ਇੱਥੇ ਟੀ-20 ਵਿਸ਼ਵ ਕੱਪ ਦਾ ਅਹਿਮ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ 2026 ਦੇ ਵੱਡੇ ਮੁਕਾਬਲੇ ਵਿੱਚ ਹੁਣ ਸਿਰਫ਼ ਛੇ ਘੰਟੇ ਰਹਿ ਗਏ ਹਨ ਪਰ ਖੇਡ ਪ੍ਰੇਮੀਆਂ ਲਈ ਮੀਂਹ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਕਾਰਨ ਪ੍ਰਸੰਸਕਾਂ ਦੇ ਫਿਕਰ ਵਧ ਗਏ ਹਨ। ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਾਲੇ ਖੇਤਰ ਲਈ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਸ਼ਾਮ 7 ਵਜੇ ਮੈਚ ਦੀ ਪਹਿਲੀ ਗੇਂਦ ਸੁੱਟੇ ਜਾਣ ਤੋਂ ਠੀਕ ਇੱਕ ਘੰਟਾ ਪਹਿਲਾਂ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ।
ਸ੍ਰੀਲੰਕਾ ਦੇ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਚੌਕਸ ਕੀਤਾ ਹੈ, ਜਿਸ ਨਾਲ ਮੀਂਹ ਦੀ ਸੰਭਾਵਨਾ 70% ਤੱਕ ਵੱਧ ਗਈ ਹੈ। ਮੌਸਮ ਦੇ ਅਨੁਮਾਨਾਂ ਅਨੁਸਾਰ ਸ਼ਾਮ 6 ਤੋਂ 7 ਵਜੇ ਦਰਮਿਆਨ ਭਾਰੀ ਮੀਂਹ ਪੈ ਸਕਦਾ ਹੈ ਜੋ ਰਾਤ 10 ਵਜੇ ਤੱਕ ਹਲਕੀ ਬੂੰਦਾ-ਬਾਂਦੀ ਵਿੱਚ ਬਦਲ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੈਚ ਪੂਰੀ ਤਰ੍ਹਾਂ ਰੱਦ ਹੋ ਸਕਦਾ ਹੈ ਜਾਂ ਫਿਰ ਓਵਰਾਂ ਦੀ ਗਿਣਤੀ ਕਾਫ਼ੀ ਘੱਟ ਕੀਤੀ ਜਾ ਸਕਦੀ ਹੈ। ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਮੀਂਹ ਦੀ ਸੰਭਾਵਨਾ 50-60% ਬਣੀ ਹੋਈ ਹੈ ਜਿਸ ਕਾਰਨ ਸਟੇਡੀਅਮ ਪਹੁੰਚਣ ਵਾਲੇ ਪ੍ਰਸ਼ੰਸਕਾਂ ਨੂੰ ਦੇਰੀ ਜਾਂ ਮੈਚ ਵਿੱਚ ਰੁਕਾਵਟਾਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਸ ਮੈਚ ਵਿਚ ਸਾਰਿਆਂ ਦੀਆਂ ਨਜ਼ਰਾਂ ਪਾਕਿਸਤਾਨ ਦੇ ਉਸਮਾਨ ਤਾਰਿਕ ’ਤੇ ਕੇਂਦਰਿਤ ਹੋਣਗੀਆਂ ਕਿਉਂਕਿ ਇਸ ਗੇਂਦਬਾਜ਼ ਦਾ ਵਿਕਟਾਂ ਲੈਣ ਦਾ ਰਿਕਾਰਡ ਬਹੁਤ ਵਧੀਆ ਹੈ ਤੇ ਅੰਕੜੇ ਦੱਸਦੇ ਹਨ ਕਿ ਉਸ ਵਿਚ ਹਰ ਦਸ ਗੇਂਦਾਂ ਵਿਚ ਇਕ ਵਿਕਟ ਹਾਸਲ ਕਰਨ ਦੀ ਕਾਬਲੀਅਤ ਹੈ। ਦੂਜੇ ਪਾਸੇ ਭਾਰਤੀ ਟੀਮ ਦੀ ਬੱਲੇਬਾਜ਼ੀ ਮਜ਼ਬੂਤ ਹੈ ਤੇ ਨੌਜਵਾਨ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ।
ਸ੍ਰੀਲੰਕਾ ਦੇ ਮੌਸਮ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ ਜਿਸ ਕਾਰਨ ਐਤਵਾਰ ਸ਼ਾਮ ਨੂੰ ਹੋਣ ਵਾਲੇ ਇਸ ਅਹਿਮ ਵਿਸ਼ਵ ਕੱਪ ਮੈਚ ਵਿੱਚ ਵਿਘਨ ਪੈ ਸਕਦਾ ਹੈ। ਦੱਸਣਾ ਬਣਦਾ ਹੈ ਕਿ ਕੋਲੰਬੋ ਵਿਚ ਮੌਸਮ ਕਿਸੇ ਵੇਲੇ ਵੀ ਬਦਲ ਸਕਦਾ ਹੈ ਜਿਸ ਦਾ ਅਸਲ ਪਤਾ ਤਾਂ ਸ਼ਾਮ ਦੇ ਸੱਤ ਵਜੇ ਲੱਗੇਗਾ।
ਭਾਰਤ ਅਤੇ ਪਾਕਿਸਤਾਨ ਦਾ ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਣਾ ਹੈ ਤੇ ਇਸ ਮੈਚ ਦਾ ਟਾਸ ਸ਼ਾਮ ਸਾਢੇ ਛੇ ਵਜੇ ਹੋਵੇਗਾ। ਜੇਕਰ ਮੀਂਹ ਪੈਂਦਾ ਹੈ ਤਾਂ ਓਵਰਾਂ ਦੀ ਕਟੌਤੀ ਹੋਣ ਦੀ ਪੂਰੀ ਸੰਭਾਵਨਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਹੁਣ ਤੱਕ ਇਸ ਵਿਸ਼ਵ ਕੱਪ ਦੇ ਕਿਸੇ ਵੀ ਮੈਚ ਵਿੱਚ ਮੌਸਮ ਨੇ ਕੋਈ ਵੱਡੀ ਰੁਕਾਵਟ ਨਹੀਂ ਪਾਈ ਹੈ।
ਜ਼ਿਕਰਯੋਗ ਹੈ ਕਿ ਆਰ. ਪ੍ਰੇਮਦਾਸਾ ਸਟੇਡੀਅਮ ਦਾ ਡਰੇਨੇਜ ਸਿਸਟਮ ਬਹੁਤ ਵਧੀਆ ਹੈ ਅਤੇ ਇੱਥੋਂ ਦਾ ਸਟਾਫ਼ ਅਜਿਹੇ ਮੀਂਹ ਨਾਲ ਨਜਿੱਠਣ ਵਿੱਚ ਮਾਹਿਰ ਹੈ। ਹੋਰ ਸਟੇਡੀਅਮਾਂ ਦੇ ਉਲਟ, ਇੱਥੇ ਪੂਰੇ ਮੈਦਾਨ ਨੂੰ ਢਕਣ ਲਈ ਕਵਰ ਮੌਜੂਦ ਹਨ, ਜਿਸ ਨਾਲ ਆਊਟਫੀਲਡ ਨੂੰ ਗਿੱਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ। ਮੈਦਾਨੀ ਸਟਾਫ਼ ਮਸ਼ੀਨਾਂ ਦੀ ਬਜਾਏ ਹੱਥੀਂ ਪਾਣੀ ਨੂੰ ਬਾਹਰ ਕੱਢਣ ਦੀ ਤਕਨੀਕ ਵਰਤਦਾ ਹੈ, ਜੋ ਕਿ ਕਾਫ਼ੀ ਤੇਜ਼ ਮੰਨੀ ਜਾਂਦੀ ਹੈ। ਆਮ ਤੌਰ ’ਤੇ ਭਾਰੀ ਮੀਂਹ ਰੁਕਣ ਤੋਂ ਬਾਅਦ ਮੈਦਾਨ ਨੂੰ ਸਿਰਫ਼ 45 ਤੋਂ 60 ਮਿੰਟਾਂ ਵਿੱਚ ਦੁਬਾਰਾ ਖੇਡਣ ਯੋਗ ਬਣਾ ਦਿੱਤਾ ਜਾਂਦਾ ਹੈ।

