T-20 Series: New Zealand ਨੇ South Africa ਨੂੰ 68 ਦੌੜਾਂ ਨਾਲ ਹਰਾਇਆ
ਨਿਊਜ਼ੀਲੈਂਡ 175 ਦੌਡ਼ਾਂ; ਦੱਖਣੀ ਅਫਰੀਕਾ 107 ਦੌਡ਼ਾਂ
ਨਿਊਜ਼ੀਲੈਂਡ ਨੇ ਹੈਮਿਲਟਨ ਵਿੱਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਦੱਖਣੀ ਅਫਰੀਕਾ ਨੂੰ 68 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 1-1 ਦੀ ਬਰਾਬਰੀ ਕਰ ਲਈ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਡੇਵਨ ਕੋਨਵੇਅ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ 49 ਗੇਂਦਾਂ ਵਿੱਚ 60 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਪੰਜ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਕੋਨਵੇਅ ਤੋਂ ਇਲਾਵਾ ਜੋਸ਼ ਕਲਰਕਸਨ ਨੇ ਵੀ ਅਹਿਮ ਯੋਗਦਾਨ ਪਾਇਆ ਅਤੇ 26 ਦੌੜਾਂ ਬਣਾ ਕੇ ਨਾਬਾਦ ਰਹੇ।
176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਸਿਰਫ਼ 107 ਦੌੜਾਂ ’ਤੇ ਹੀ ਸਿਮਟ ਗਈ। ਪਿੱਚ ਦੀ ਤੇਜ਼ ਗਤੀ ਅਤੇ ਉਛਾਲ ਕਾਰਨ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੂੰ ਕਾਫੀ ਮੁਸ਼ਕਲ ਹੋਈ ਅਤੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਇਕ ਇਕ ਕਰ ਕੇ ਪੈਵੇਲੀਅਨ ਪਰਤ ਗਏ। ਦੱਖਣੀ ਅਫਰੀਕਾ ਨੇ ਆਪਣੀਆਂ ਆਖਰੀ 6 ਵਿਕਟਾਂ ਸਿਰਫ਼ 40 ਦੌੜਾਂ ਦੇ ਅੰਦਰ ਗੁਆ ਦਿੱਤੀਆਂ। ਜਾਰਜ ਲਿੰਡੇ ਨੇ ਸਭ ਤੋਂ ਵੱਧ 33 ਦੌੜਾਂ ਬਣਾਈਆਂ, ਜਿਸ ਸਦਕਾ ਟੀਮ 100 ਦੌੜਾਂ ਦਾ ਅੰਕੜਾ ਪਾਰ ਕਰ ਸਕੀ।
ਨਿਊਜ਼ੀਲੈਂਡ ਵੱਲੋਂ ਬੇਨ ਸੀਅਰਜ਼ ਅਤੇ ਲੌਕੀ ਫਰਗੂਸਨ ਨੇ ਵਧੀਆ ਗੇਂਦਬਾਜ਼ੀ ਕੀਤੀ ਅਤੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਹਾਰ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਪਤਾਨ ਕੇਸ਼ਵ ਮਹਾਰਾਜ ਨੇ ਮੰਨਿਆ ਕਿ ਉਨ੍ਹਾਂ ਦੀ ਬੱਲੇਬਾਜ਼ੀ ਉਮੀਦ ਮੁਤਾਬਕ ਨਹੀਂ ਰਹੀ। ਹੁਣ ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਦਾ ਤੀਜਾ ਮੈਚ ਸ਼ੁੱਕਰਵਾਰ ਨੂੰ ਆਕਲੈਂਡ ਵਿੱਚ ਖੇਡਿਆ ਜਾਵੇਗਾ।

