ਸਵਿਆਤੇਕ ਆਸਟਰੇਲੀਅਨ ਓਪਨ ਦੇ ਦੂਜੇ ਗੇੜ ’ਚ
ਚੀਨੀ ਖਿਡਾਰਨ ਨੂੰ 7-6 (5), 6-3 ਨਾਲ ਹਰਾਇਆ; ਕੋਕੋ ਗੌਫ ਦੀ ਵੀ ਜੇਤੂ ਸ਼ੁਰੂਆਤ
ਵਿਸ਼ਵ ਦੀ ਦੂਜੇ ਨੰਬਰ ਦੀ ਟੈਨਿਸ ਖਿਡਾਰਨ ਇਗਾ ਸਵਿਆਤੇਕ ਅਤੇ ਅਮਰੀਕਾ ਦੀ ਕੋਕੋ ਗੌਫ ਨੇ ਆਸਟਰੇਲੀਅਨ ਓਪਨ ਦੇ ਪਹਿਲੇ ਗੇੜ ਵਿੱਚ ਜਿੱਤ ਦਰਜ ਕਰ ਕੇ ਦੂਜੇ ਗੇੜ ’ਚ ਜਗ੍ਹਾ ਬਣਾ ਲਈ ਹੈ। ਸਵਿਆਤੇਕ ਨੇ ਚੀਨ ਦੀ ਕੁਆਲੀਫਾਇਰ ਯੁਆਨ ਯੂਏ ਨੂੰ ਸਿੱਧੇ ਸੈੱਟਾਂ ਵਿੱਚ 7-6 (5), 6-3 ਨਾਲ ਹਰਾਇਆ। ਪਹਿਲੇ ਸੈੱਟ ਵਿੱਚ 3-5 ਨਾਲ ਪੱਛੜਨ ਤੋਂ ਬਾਅਦ ਸਵਿਆਤੇਕ ਨੇ ਸ਼ਾਨਦਾਰ ਵਾਪਸੀ ਕੀਤੀ। ਮੈਚ ਮਗਰੋਂ ਉਸ ਨੇ ਮੰਨਿਆ ਕਿ ਉਸ ਦੀ ਖੇਡ ਵਿੱਚ ਹਾਲੇ ਸੁਧਾਰ ਦੀ ਲੋੜ ਹੈ। ਉਸ ਦੀਆਂ ਨਜ਼ਰਾਂ ਪਹਿਲੇ ਆਸਟਰੇਲੀਅਨ ਓਪਨ ਖਿਤਾਬ ’ਤੇ ਹਨ। ਦੂਜੇ ਪਾਸੇ, ਤੀਜਾ ਦਰਜਾ ਪ੍ਰਾਪਤ ਕੋਕੋ ਗੌਫ਼ ਨੇ ਕਾਮਿਲਾ ਰਾਖਿਮੋਵਾ ਨੂੰ 6-2, 6-3 ਨਾਲ ਹਰਾਇਆ। ਗੌਫ ਨੂੰ ਪਹਿਲੇ ਸੈੱਟ ਵਿੱਚ ਸਰਵਿਸ ਨੂੰ ਲੈ ਕੇ ਕੁਝ ਦਿੱਕਤਾਂ ਆਈਆਂ, ਪਰ ਉਸ ਨੇ ਜਲਦੀ ਹੀ ਲੈਅ ਫੜ ਲਈ। ਹੋਰ ਮਹਿਲਾ ਖਿਡਾਰਨਾਂ ’ਚੋਂ ਅਮਾਂਡਾ ਅਨੀਸਿਮੋਵਾ ਅਤੇ ਜੈਸਿਕਾ ਪੈਗੁਲਾ ਵੀ ਅਗਲੇ ਗੇੜ ਵਿੱਚ ਪਹੁੰਚ ਗਈਆਂ ਹਨ। ਹਾਲਾਂਕਿ, ਸੋਫੀਆ ਕੇਨਿਨ ਅਤੇ ਐਮਾ ਨਵਾਰੋ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪੁਰਸ਼ ਵਰਗ ਵਿੱਚ ਤਿੰਨ ਵਾਰ ਦੇ ਉਪ ਜੇਤੂ ਦਾਨਿਲ ਮੈਦਵੇਦੇਵ ਨੇ ਜੈਸਪਰ ਡੀ ਜੋਂਗ ਨੂੰ ਹਰਾ ਕੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ। ਇਸੇ ਤਰ੍ਹਾਂ 2014 ਦੇ ਚੈਂਪੀਅਨ ਸਟੈਨ ਵਾਵਰਿੰਕਾ ਨੇ ਵੀ ਜਿੱਤ ਨਾਲ ਸ਼ੁਰੂਆਤ ਕੀਤੀ। ਵਾਵਰਿੰਕਾ ਨੇ ਐਲਾਨ ਕੀਤਾ ਹੈ ਕਿ 2026 ਉਸ ਦਾ ਆਖਰੀ ਸਾਲ ਹੋਵੇਗਾ। ਕੈਨੇਡਾ ਦੇ ਫੈਲਿਕਸ ਔਗਰ-ਅਲੀਆਸਿਮੇ ਤੇ ਮਰੀਨਾ ਸਟਾਕੂਸਿਕ ਨੂੰ ਸਰੀਰਕ ਸਮੱਸਿਆਵਾਂ ਕਾਰਨ ਮੈਚ ਅੱਧ-ਵਿਚਾਲੇ ਛੱਡਣੇ ਪਏ।

