ਸਟਾਰ ਪਾਵਰ: ਵਿੰਬਲਡਨ ਵਾਪਸੀ ਤੋਂ ਪਹਿਲਾਂ ਸੁਰਖ਼ੀਆਂ ’ਚ ਛਾਈ ਸੇਰੇਨਾ ਵਿਲੀਅਮਜ਼
ਟੂਰਨਾਮੈਂਟ ’ਚ ਚਾਰ ਸਾਲਾਂ ਬਾਅਦ ਆਪਣਾ ਪਹਿਲਾ ਸਿੰਗਲਜ਼ ਮੈਚ ਖੇਡੇਗੀ ਅਮਰੀਕੀ ਖਿਡਾਰਨ
ਇਗਾ ਸਵਿਆਤੇਕ ਮੌਜੂਦਾ ਚੈਂਪੀਅਨ ਹੈ, ਆਰੀਆਨਾ ਸਬਾਲੈਂਕਾ ਮਹਿਲਾ ਸਿੰਗਲਜ਼ ਵਿੱਚ ਅੱਵਲ ਦਰਜਾ ਖਿਡਾਰਨ ਹੈ ਪਰ ਇਸ ਸਭ ਦੇ ਬਾਵਜੂਦ ਵਿੰਬਲਡਨ ਵਿੱਚ ਸਾਰਾ ਧਿਆਨ ਸੇਰੇਨਾ ਵਿਲੀਅਮਜ਼ ’ਤੇ ਹੈ। 44 ਸਾਲਾ ਵਿਲੀਅਮਜ਼ ਦੀ ਮੌਜੂਦਗੀ ਦਾ ਅਸਰ ਪੂਰੇ ‘ਐੱਸ ਡਬਲਿਊ 19’ (ਵਿੰਬਲਡਨ ਦਾ ਮਸ਼ਹੂਰ ਪੋਸਟ ਕੋਡ) ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ। ਉਹ ਮੰਗਲਵਾਰ ਨੂੰ ਇਸ ਟੂਰਨਾਮੈਂਟ ਵਿੱਚ ਚਾਰ ਸਾਲਾਂ ਬਾਅਦ ਆਪਣਾ ਪਹਿਲਾ ਸਿੰਗਲਜ਼ ਮੈਚ ਖੇਡਣ ਦੀ ਤਿਆਰੀ ਕਰ ਰਹੀ ਹੈ, ਜਿੱਥੇ ਪਹਿਲੇ ਗੇੜ ਵਿੱਚ ਉਸ ਦਾ ਮੁਕਾਬਲਾ 53ਵੇਂ ਨੰਬਰ ਦੀ ਖਿਡਾਰਨ ਮਾਇਆ ਜੁਆਇੰਟ ਨਾਲ ਹੋਵੇਗਾ। ਹਾਲ ਹੀ ਵਿੱਚ ਫਰੈਂਚ ਓਪਨ ਜਿੱਤਣ ਵਾਲੀ ਮੀਰਾ ਆਂਦਰੀਵਾ, ਵਿੰਬਲਡਨ ਦੇ ਡਰਾਅ ਦੇ ਐਲਾਨ ਵੇਲੇ ਅਰਦਾਸਾਂ ਕਰ ਰਹੀ ਸੀ।
ਰੂਸ ਦੀ ਇਸ ਨੌਜਵਾਨ ਖਿਡਾਰਨ ਨੇ ਸ਼ਨਿਚਰਵਾਰ ਨੂੰ ਕਿਹਾ, ‘‘ਮੈਂ ਡਰਾਅ ਨੂੰ ਇਸ ਤਰ੍ਹਾਂ ਦੇਖ ਰਹੀ ਸੀ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਡਰਾਅ ਵਿੱਚ ਸ਼ਾਮਲ ਕੋਈ ਵੀ ਖਿਡਾਰਨ ਸੇਰੇਨਾ ਖ਼ਿਲਾਫ਼ ਖੇਡਣਾ ਚਾਹੁੰਦੀ ਹੋਵੇਗੀ। ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸੇਰੇਨਾ ਖ਼ਿਲਾਫ਼ ਬਿਲਕੁਲ ਨਹੀਂ ਖੇਡਣਾ ਚਾਹਾਂਗੀ, ਮੈਂ ਘਬਰਾ ਜਾਵਾਂਗੀ।’’ ਸੇਰੇਨਾ ਵਿਲੀਅਮਜ਼ 2022 ਦੇ ਯੂ ਐੱਸ ਓਪਨ ਵਿੱਚ ਆਪਣੀ ਵਿਦਾਇਗੀ ਤੋਂ ਬਾਅਦ ਖੇਡ ਤੋਂ ਦੂਰ ਸੀ ਪਰ ਪਹਿਲਾਂ ਉਸ ਨੇ ਆਪਣੀ 46 ਸਾਲਾ ਭੈਣ ਵੀਨਸ ਵਿਲੀਅਮਜ਼ ਨਾਲ ਮਹਿਲਾ ਡਬਲਜ਼ ਖੇਡਣ ਲਈ ‘ਵਾਈਲਡ ਕਾਰਡ ਐਂਟਰੀ’ ਸਵੀਕਾਰ ਕੀਤੀ ਅਤੇ ਫਿਰ ਸਿੰਗਲਜ਼ ਮੈਚ ਖੇਡਣ ਲਈ ਵੀ ਇੱਕ ਹੋਰ ਵਾਈਲਡ-ਕਾਰਡ ਨੂੰ ਪ੍ਰਵਾਨਗੀ ਦਿੱਤੀ। ਵਿੰਬਲਡਨ ਵਿੱਚ ਵਿਲੀਅਮਜ਼ ਆਖ਼ਰੀ ਵਾਰ 2022 ਵਿੱਚ ਨਜ਼ਰ ਆਈ ਸੀ, ਜਿੱਥੇ ਉਹ ਪਹਿਲੇ ਹੀ ਗੇੜ ਵਿੱਚ ਉਸ ਸਮੇਂ ਦੀ 115ਵੇਂ ਨੰਬਰ ਦੀ ਖਿਡਾਰਨ ਹਾਰਮਨੀ ਟੈਨ ਤੋਂ ਹਾਰ ਗਈ ਸੀ।
