ਖੇਡ ਬਜਟ ਵਿੱਚ 1133 ਕਰੋੜ ਰੁਪਏ ਦਾ ਵਾਧਾ
ਖੇਡ ਸਾਮਾਨ ਖੇਤਰ ਵਾਸਤੇ 500 ਕਰੋੜ ਰੁਪਏ ਰੱਖੇ; ਕੌਮੀ ਡੋਪਿੰਗ ਟੈਸਟਿੰਗ ਲਈ ਬਜਟ ਘਟਾਇਆ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱੱਲੋਂ ਅੱਜ ਪੇਸ਼ ਕੇਂਦਰੀ ਬਜਟ ਵਿੱਚ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਲਈ ਅਲਾਟਮੈਂਟ ਵਿੱਚ 1000 ਕਰੋੜ ਰੁਪਏ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਖੇਡ ਉਪਕਰਨ ਬਣਾਉਣ ਵਾਲੇ ਖੇਤਰ ਨੂੰ ਕਾਫ਼ੀ ਫ਼ਾਇਦਾ ਹੋਇਆ ਹੈ, ਜਿਸ ਨੂੰ ਪਹਿਲੀ ਵਾਰ 500 ਕਰੋੜ ਰੁਪਏ ਮਿਲੇ ਹਨ। ਖੇਡ ਮੰਤਰਾਲੇ ਲਈ ਕੁੱਲ ਬਜਟ ਅਲਾਟਮੈਂਟ 4479.88 ਕਰੋੜ ਰੁਪਏ ਹੈ, ਜੋ 2025-26 ਦੀ ਸੋਧੀ ਹੋਈ ਅਲਾਟਮੈਂਟ 3346.54 ਕਰੋੜ ਤੋਂ 1133.34 ਕਰੋੜ ਰੁਪਏ ਵੱਧ ਹੈ।
ਕੌਮੀ ਕੈਂਪ ਲਗਵਾਉਣ ਅਤੇ ਖਿਡਾਰੀਆਂ ਵਾਸਤੇ ਸਿਖਲਾਈ ਸਮੱਗਰੀ ਮੁਹੱਈਆ ਕਰਵਾਉਣ ਵਾਲੀ ਭਾਰਤੀ ਖੇਡ ਅਥਾਰਿਟੀ (ਸਾਈ) ਲਈ ਅਲਾਟਮੈਂਟ ਰਾਸ਼ੀ 880 ਕਰੋੜ ਰੁਪਏ ਤੋਂ ਵਧਾ ਕੇ 917.38 ਕਰੋੜ ਕਰ ਦਿੱਤੀ ਗਈ ਹੈ। ਸਾਈ ਕੋਲ ਦੇਸ਼ ਭਰ ਦੇ ਸਟੇਡੀਅਮਾਂ ਦੀ ਦੇਖਰੇਖ ਦੀ ਵੀ ਜ਼ਿੰਮੇਵਾਰੀ ਹੈ; ਹਾਲਾਂਕਿ ਕੌਮੀ ਡੋਪ ਟੈਸਟਿੰਗ ਲੈਬਾਰਟਰੀ ਅਤੇ ਕੌਮੀ ਡੋਪਿੰਗ ਰੋਕੂ ਏਜੰਸੀ ਦਾ ਬਜਟ ਕ੍ਰਮਵਾਰ 28.55 ਕਰੋੜ ਤੋਂ ਘਟਾ ਕੇ 23 ਕਰੋੜ ਰੁਪਏ ਅਤੇ 24.30 ਕਰੋੜ ਤੋਂ ਘਟਾ ਕੇ 20.30 ਕਰੋੜ ਕਰ ਦਿੱਤਾ ਗਿਆ ਹੈ। ਸਰਕਾਰ ਨੇ ‘ਖੇਲੋ ਇੰਡੀਆ’ ਪ੍ਰੋਗਰਾਮ ਲਈ 924.35 ਕਰੋੜ ਰੁਪਏ ਰੱਖੇ ਹਨ।
‘ਖੇਲੋ ਇੰਡੀਆ ਮਿਸ਼ਨ’ ਸ਼ੁਰੂ ਕਰਨ ਦੀ ਤਜਵੀਜ਼
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਗਲੇ ਦਹਾਕੇ ਦੌਰਾਨ ਸਿਖਲਾਈ ਕੇਂਦਰਾਂ ਅਤੇ ਕੋਚਾਂ ਦੇ ਯੋਜਨਾਬੱਧ ਵਿਕਾਸ ’ਤੇ ਧਿਆਨ ਕੇਂਦਰਿਤ ਕਰਨ ਲਈ ਅੱਜ ‘ਖੇਲੋ ਇੰਡੀਆ ਮਿਸ਼ਨ’ ਸ਼ੁਰੂ ਕਰਨ ਦੀ ਤਜਵੀਜ਼ ਰੱਖੀ, ਜਿਸ ਨਾਲ ਜ਼ਮੀਨੀ ਪੱਧਰ ’ਤੇ ਖੇਡ ਪ੍ਰਤਿਭਾ ਖੋਜਣ ਲਈ ਸਰਕਾਰ ਦੇ ਅਹਿਮ ‘ਖੇਲੋ ਇੰਡੀਆ’ ਪ੍ਰੋਗਰਾਮ ਨੂੰ ਹੁਲਾਰਾ ਮਿਲੇਗਾ। ਸੀਤਾਰਾਮਨ ਨੇ ਕੇਂਦਰੀ ਬਜਟ ਪੇਸ਼ ਕਰਦਿਆਂ ਕਿਹਾ ਕਿ ਇਹ ਮਿਸ਼ਨ ਆਪਸ ਵਿੱਚ ਜੁੜੇ ਵੱਖ-ਵੱਖ ਮਾਧਿਆਮਾਂ ਰਾਹੀਂ ਏਕੀਕ੍ਰਿਤ ਪ੍ਰਤਿਭਾ ਵਿਕਾਸ ਪ੍ਰੋਗਰਾਮ ਨੂੰ ਸੁਖਾਲਾ ਬਣਾਏਗਾ। ਖੇਲੋ ਇੰਡੀਆ ਪ੍ਰੋਗਰਾਮ 2017 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦਾ ਮੁੱਖ ਉਦੇਸ਼ ਪ੍ਰਤਿਭਾ ਪਛਾਣ ਲਈ ਸਾਰੇ ਉਮਰ ਵਰਗਾਂ ਦੇ ਕੌਮੀ ਪੱਧਰ ਦੇ ਟੂਰਨਾਮੈਂਟ ਕਰਵਾਉਣਾ ਸੀ। ਉਨ੍ਹਾਂ ਲੋਕ ਸਭਾ ਵਿੱਚ ਆਪਣੇ ਬਜਟ ਭਾਸ਼ਣ ਦੌਰਾਨ ਕਿਹਾ, ‘‘ਖੇਡ ਖੇਤਰ ਰੁਜ਼ਗਾਰ, ਹੁਨਰ ਵਿਕਾਸ ਅਤੇ ਨੌਕਰੀ ਦੇ ਮੌਕੇ ਮੁਹੱਈਆ ਕਰਵਾਉਂਦਾ ਹੈ। ਖੇਲੋ ਇੰਡੀਆ ਪ੍ਰੋਗਰਾਮ ਰਾਹੀਂ ਖੇਡ ਪ੍ਰਤਿਭਾ ਨੂੰ ਨਿਖਾਰਨ ਦੀ ਪਹਿਲ ਨੂੰ ਅੱਗੇ ਵਧਾਉਂਦਿਆਂ ਮੈਂ ਅਗਲੇ ਦਹਾਕੇ ਦੌਰਾਨ ਖੇਡ ਖੇਤਰ ਦੇ ਬੁਨਿਆਦੀ ਢਾਂਚੇ ਵਿੱਚ ਤਬਦੀਲੀ ਕਰਨ ਲਈ ਖੇਲੋ ਇੰਡੀਆ ਮਿਸ਼ਨ ਸ਼ੁਰੂ ਕਰਨ ਦੀ ਤਜਵੀਜ਼ ਰੱਖਦੀ ਹਾਂ।’’ -ਪੀਟੀਆਈ

