ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੱਖਣੀ ਅਫਰੀਕਾ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤੀ

27 ਸਾਲ ਬਾਅਦ ਵੱਡਾ ਕ੍ਰਿਕਟ ਖਿਤਾਬ ਆਪਣੇ ਨਾਮ ਕੀਤਾ; ਫਾਈਨਲ ਵਿੱਚ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ
ਖਿਤਾਬ ਜਿੱਤਣ ਮਗਰੋਂ ਖ਼ੁਸ਼ੀ ਦੇ ਰੌਂਅ ਵਿੱਚ ਦੱਖਣੀ ਅਫਰੀਕਾ ਦੀ ਟੀਮ। -ਫੋਟੋ: ਰਾਇਟਰਜ਼
Advertisement

ਲੰਡਨ, 14 ਜੂਨ

ਦੱਖਣੀ ਅਫਰੀਕਾ ਨੇ ਅੱਜ ਇੱਥੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਚੌਥੇ ਦਿਨ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੈ। ਦੱਖਣੀ ਅਫਰੀਕਾ ਨੇ ਅੱਜ ਜਿੱਤ ਲਈ ਲੋੜੀਂਦੀਆਂ 69 ਦੌੜਾਂ ਬਣਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ। ਇਹ ਦੱਖਣੀ ਅਫਰੀਕਾ ਦਾ 27 ਸਾਲਾਂ ’ਚ ਪਹਿਲਾ ਵੱਡਾ ਕ੍ਰਿਕਟ ਖਿਤਾਬ ਹੈ। ਦੱਖਣੀ ਅਫਰੀਕਾ ਨੇ ਆਪਣਾ ਪਿਛਲਾ ਆਈਸੀਸੀ ਖਿਤਾਬ 1998 ਵਿੱਚ ਚੈਂਪੀਅਨਜ਼ ਟਰਾਫੀ ਦੇ ਰੂਪ ਵਿੱਚ ਜਿੱਤਿਆ ਸੀ। ਜਿੱਤ ਮਗਰੋਂ ਟੀਮ ਦੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਨੇ ਲਾਰਡਜ਼ ਦੇ ਮੈਦਾਨ ’ਤੇ ਖੂਬ ਜਸ਼ਨ ਮਨਾਇਆ।

Advertisement

ਟੀਮ ਨੇ ਪੰਜ ਵਿਕਟਾਂ ’ਤੇ 282 ਦੌੜਾਂ ਬਣਾ ਕੇ ਟੀਚਾ ਹਾਸਲ ਕੀਤਾ। ਇਹ ਲਾਰਡਜ਼ ਦੇ 141 ਸਾਲਾਂ ਦੇ ਇਤਿਹਾਸ ਵਿੱਚ ਟੀਚੇ ਦਾ ਪਿੱਛਾ ਕਰਦਿਆਂ ਦੂਜੀ ਸਭ ਤੋਂ ਵੱਡੀ ਜਿੱਤ ਹੈ। ਆਸਟਰੇਲੀਆ ਨੇ ਮੈਚ ਦੇ ਚੌਥੇ ਦਿਨ ਵੀ ਪੂਰਾ ਜ਼ੋਰ ਲਾਇਆ ਅਤੇ ਕਪਤਾਨ ਪੈਟ ਕਮਿਨਸ ਦੀ ਅਗਵਾਈ ਹੇਠ ਉਸ ਦੇ ਗੇਂਦਬਾਜ਼ਾਂ ਨੇ ਸ਼ੁਰੂਆਤੀ ਘੰਟੇ ਵਿੱਚ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ਾਂ ਦੀ ਸਖ਼ਤ ਪ੍ਰੀਖਿਆ ਲਈ। ਦਿਨ ਦੇ ਤੀਜੇ ਓਵਰ ਵਿੱਚ ਜਦੋਂ ਕਪਤਾਨ ਟੈਂਬਾ ਬਾਵੁਮਾ (66) ਕਮਿਨਸ ਦੀ ਗੇਂਦ ’ਤੇ ਆਊਟ ਹੋ ਗਿਆ ਤਾਂ ਇੱਕ ਵਾਰ ਲੱਗਾ ਕਿ ਕਿਤੇ ਦੱਖਣੀ ਅਫੀਰਕਾ ਪੱਲੇ ਫਿਰ ਨਿਰਾਸ਼ਾ ਨਾ ਪੈ ਜਾਵੇ। ਹਾਲਾਂਕਿ ਦਿਨ ਦੀ ਸ਼ੁਰੂਆਤ 102 ਦੌੜਾਂ ਤੋਂ ਕਰਨ ਵਾਲੇ ਏਡਨ ਮਾਰਕਰਮ (136) ਦੀ ਅਗਵਾਈ ਹੇਠ ਟੀਮ ਨੇ ਸਬਰ ਦਿਖਾਇਆ ਅਤੇ ਜਿੱਤ ਹਾਸਲ ਕੀਤੀ। ਆਸਟਰੇਲੀਆ ਨੇ ਵਿਕਟਾਂ ਲੈਣ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਨੇ ਦਿਨ ਦੀ ਖੇਡ ਦੇ ਪਹਿਲੇ 90 ਮਿੰਟਾਂ ਵਿੱਚ ਹੀ ਆਪਣੇ ਤਿੰਨੋਂ ਡੀਆਰਐੱਸ ਗੁਆ ਦਿੱਤੇ। ਜਦੋਂ ਤੱਕ ਜੋਸ਼ ਹੇਜ਼ਲਵੁੱਡ ਨੇ ਮਾਰਕਰਮ ਨੂੰ ਆਊਟ ਕੀਤਾ, ਮੈਚ ਪਹਿਲਾਂ ਹੀ ਆਸਟਰੇਲੀਆ ਦੇ ਹੱਥੋਂ ਨਿਕਲ ਚੁੱਕਾ ਸੀ। ਮਾਰਕਰਮ ਦੇ ਆਊਟ ਹੋਣ ਤੋਂ ਲਗਪਗ 15 ਮਿੰਟ ਬਾਅਦ ਕਾਈਲ ਵੇਰੇਨ (ਨਾਬਾਦ 4 ਦੌੜਾਂ) ਨੇ ਜੇਤੂ ਦੌੜਾਂ ਬਣਾਈਆਂ, ਜਿਸ ਨਾਲ ਦੱਖਣੀ ਅਫਰੀਕਾ ਨੂੰ ਜਸ਼ਨ ਮਨਾਉਣ ਦਾ ਮੌਕਾ ਮਿਲਿਆ। ਜ਼ਿਕਰਯੋਗ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ਮਗਰੋਂ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 212 ਦੌੜਾਂ ਬਣਾਈਆਂ ਸਨ ਪਰ ਦੱਖਣੀ ਅਫਰੀਕਾ ਦੀ ਟੀਮ ਮਹਿਜ਼ 138 ਦੌੜਾਂ ’ਤੇ ਹੀ ਸਿਮਟ ਗਈ। ਇਸ ਵੇਲੇ ਦੱਖਣੀ ਅਫਰੀਕਾ ਦੀ ਜਿੱਤ ਮੁਸ਼ਕਲ ਨਜ਼ਰ ਆ ਰਹੀ ਸੀ। ਮਗਰੋਂ ਆਸਟਰੇਲੀਆ ਨੇ ਦੂਜੀ ਪਾਰੀ ਵਿੱਚ 207 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ 282 ਦੌੜਾਂ ਦਾ ਟੀਚਾ ਦਿੱਤਾ ਅਤੇ ਉਸ ਨੇ ਇਹ ਟੀਚਾ ਪੰਜ ਵਿਕਟਾਂ ਦੇ ਨੁਕਸਾਨ ’ਤੇ ਹੀ ਪੂਰਾ ਕਰ ਲਿਆ। -ਪੀਟੀਆਈ

Advertisement