ਸਿਨਰ ਏ ਟੀ ਪੀ ਫਾਈਨਲਜ਼ ਦੇ ਸੈਮੀ ਫਾਈਨਲ ’ਚ
ਪਿਛਲੇ ਚੈਂਪੀਅਨ ਯਾਨਿਕ ਸਿਨਰ ਨੇ ਘਰੇਲੂ ਦਰਸ਼ਕਾਂ ਦੇ ਸਮਰਥਨ ਦਰਮਿਆਨ ਐਲੇਗਜ਼ੈਂਡਰ ਜ਼ਵੇਰੇਵ ਨੂੰ 6-4, 6-3 ਨਾਲ ਹਰਾ ਕੇ ਏ ਟੀ ਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ। ਸਿਨਰ ਨੇ ਇਨਡੋਰ ਹਾਰਡ ਕੋਰਟ ’ਤੇ ਆਪਣੀ ਜਿੱਤ ਦਾ ਸਿਲਸਿਲਾ 28 ਮੈਚਾਂ ਤੱਕ ਵਧਾ ਦਿੱਤਾ ਹੈ। ਇਹ ਸਿਲਸਿਲਾ ਦੋ ਸਾਲ ਪਹਿਲਾਂ ਇਸ ਮੁਕਾਬਲੇ ਦੇ ਫਾਈਨਲ ਵਿੱਚ ਨੋਵਾਕ ਜੋਕੋਵਿਚ ਤੋਂ ਮਿਲੀ ਹਾਰ ਤੋਂ ਬਾਅਦ ਸ਼ੁਰੂ ਹੋਇਆ ਸੀ। ਇਹ ਸਿਨਰ ਦੀ ਜ਼ਵੇਰੇਵ ’ਤੇ ਲਗਾਤਾਰ ਪੰਜਵੀਂ ਜਿੱਤ ਹੈ, ਜਿਸ ਵਿੱਚ ਇਸ ਸਾਲ ਦਾ ਆਸਟਰੇਲੀਅਨ ਓਪਨ ਦਾ ਫਾਈਨਲ ਵੀ ਸ਼ਾਮਲ ਹੈ। ਸਿਨਰ ਦੋ ਜਿੱਤਾਂ ਦੇ ਨਾਲ ਬਿਓਰਨ ਬੋਰਗ ਗਰੁੱਪ ਵਿੱਚ ਚੋਟੀ ’ਤੇ ਪਹੁੰਚ ਗਿਆ ਹੈ; ਜ਼ਵੇਰੇਵ ਅਤੇ ਫੈਲਿਕਸ ਔਗਰ ਅਲਿਆਸਿਮੇ ਨੇ ਇਕ-ਇਕ ਜਿੱਤ ਹਾਸਲ ਕੀਤੀ ਹੈ। ਬੇਨ ਸ਼ੈੱਲਟਨ ਹੁਣ ਤੱਕ ਇਕ ਵੀ ਮੈਚ ਨਹੀਂ ਜਿੱਤ ਸਕਿਆ ਹੈ। ਇਕ ਹੋਰ ਮੁਕਾਬਲੇ ਵਿੱਚ ਅੱਠਵਾਂ ਦਰਜਾ ਪ੍ਰਾਪਤ ਔਗਰ ਅਲਿਯਾਸਿਮ ਨੇ ਸ਼ੈੱਲਟਨ ਨੂੰ 4-6, 7-6(7), 7-5 ਨਾਲ ਹਰਾ ਕੇ ਮੁਕਾਬਲੇ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ।
