ਦੁਨੀਆ ਦੇ ਦੂਜਾ ਦਰਜਾ ਖਿਡਾਰੀ ਯਾਨਿਕ ਸਿਨਰ ਨੇ ਸਾਲ ਪਹਿਲਾਂ ਮਿਆਮੀ ਓਪਨ ਟੈਨਿਸ ਟੂਰਨਾਮੈਂਟ ’ਚ ਹਿੱਸਾ ਨਹੀਂ ਲਿਆ ਸੀ ਕਿਉਂਕਿ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਲਈ ਪਾਜ਼ੇਟਿਵ ਪਾਏ ਜਾਣ ਮਗਰੋਂ ਉਸ ਨੂੰ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਇਟਲੀ ਦਾ ਇਹ 24 ਸਾਲਾ ਖਿਡਾਰੀ ਤਿੰਨ ਸਾਲਾਂ ਅੰਦਰ ਆਪਣਾ ਦੂਜਾ ਮਿਆਮੀ ਓਪਨ ਖ਼ਿਤਾਬ ਜਿੱਤਣ ਅਤੇ 2017 ’ਚ ਰੋਜਰ ਫੈਡਰਰ ਤੋਂ ਬਾਅਦ ‘ਸਨਸ਼ਾਈਨ ਡਬਲ’ ਜਿੱਤਣ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣਨ ਦੇ ਕਰੀਬ ਹੈ। ਸਿਨਰ ਲੰਘੀ ਰਾਤ ਹਾਰਡ ਰੌਕ ਸਟੇਡੀਅਮ ’ਚ ਚੌਥਾ ਦਰਜਾ ਖਿਡਾਰੀ ਅਲੈਗਜ਼ੈਂਡਰ ਜ਼ਵੇਰੇਵ ਨੂੰ 6-3, 7-6 ਨਾਲ ਹਰਾ ਕੇ ਮਿਆਮੀ ਓਪਨ ਦੇ ਫਾਈਨਲ ’ਚ ਪੁੱਜਾ।
ਜੋਕੋਵਿਚ ਨੇ ਮੌਂਟੇਕਾਰਲੋ ਮਾਸਟਰਜ਼ ’ਚੋਂ ਨਾਂ ਵਾਪਸ ਲਿਆ
ਮੋਨਾਕੋ: ਨੋਵਾਕ ਜੋਕੋਵਿਚ ਨੇ ਸੱਜੇ ਮੋਢੇ ਦੀ ਸੱਟ ਕਾਰਨ ਮਿਆਮੀ ਓਪਨ ’ਚ ਹਿੱਸਾ ਨਾ ਲੈਣ ਮਗਰੋਂ ਮੌਂਟੇਕਾਰਲੋ ਮਾਸਟਰਜ਼ ਟੈਨਿਸ ਟੂਰਨਾਮੈਂਟ ’ਚੋਂ ਵੀ ਨਾਂ ਵਾਪਸ ਲੈ ਲਿਆ ਹੈ। ਇਸ ਕਲੇਅ-ਕੋਰਟ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਬੀਤੇ ਦਿਨ ਇੰਸਟਾਗ੍ਰਾਮ ’ਤੇ ਜੋਕੋਵਿਚ ਦੇ ਟੂਰਨਾਮੈਂਟ ਤੋਂ ਹਟਣ ਦਾ ਐਲਾਨ ਕਰਦਿਆਂ ਲਿਖਿਆ, ‘‘ਅਸੀਂ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਜਲਦੀ ਹੀ ਕੋਰਟ ’ਤੇ ਵਾਪਸੀ ਕਰਨਗੇ।’’

