ਮਨੋਜ ਸ਼ਰਮਾ
ਬਠਿੰਡਾ, 14 ਮਈ
ਬਠਿੰਡਾ ਦੇ ਨਾਲ-ਨਾਲ ਦੇਸ਼ ਦਾ ਨਾਂ ਰੌਸ਼ਨ ਕਰਦੇ ਹੋਏ, ਸ਼੍ਰੇਆ ਸਿੰਗਲਾ ਨੇ ਬ੍ਰਾਜ਼ੀਲ ’ਚ ਹੋਈਆਂ ਡੈਫ ਓਲੰਪਿਕਸ ’ਚ ਬੈਡਮਿੰਟਨ (ਟੀਮ ਈਵੈਂਟ)’ਚ ਸੋਨ ਤਗਮਾ ਜਿੱਤਿਆ ਹੈ । 1 ਤੋਂ 15 ਮਈ ਤੱਕ ਚੱਲ ਰਹੀਆਂ ਓਲੰਪਿਕ ਗੇਮਾਂ ’ਚ ਕੰਨਾਂ ਤੋਂ ਘੱਟ ਸੁਣਨ ਸ਼ਕਤੀ ਦੇ ਬਾਵਜੂਦ ਇਸ ਲੜਕੀ ਨੇ ਇੰਡੀਆ ਦਾ ਨਾਂ ਰੌਸ਼ਨ ਕੀਤਾ ਹੈ। ਉਹ ਬੈਡਮਿੰਟਨ ’ਚ ਆਪਣੇ ਜੋੜੀਦਾਰ ਨਾਲ ਸੋਨਾ ਜਿੱਤਣ ਮਗਰੋਂ ਦੇਸ਼ ਪਰਤ ਆਈ ਹੈ। ਇਸ ਡੈੱਫ ਓਲੰਪਿਕਸ ’ਚ ਦੁਨੀਆਂ ਦੇ 117 ਦੇਸ਼ ਹਿੱਸਾ ਲੈ ਰਹੇ ਹਨ। ਅੱਜ ਪ੍ਰੈਸ ਕਲੱਬ ਪੁੱਜੇ ਉਸ ਦੇ ਕੋਚ ਦੀਪਕ ਕੁਮਾਰ ਨੇ ਕਿਹਾ ਕਿ ਔਕੜਾਂ ਦਾ ਟਾਕਰਾ ਕਰਦਿਆਂ, ਬਠਿੰਡਾ ਦੀ ਪੁਖਰਾਜ ਕਾਲੋਨੀ ਦੀ ਵਸਨੀਕ 17 ਸਾਲਾ ਸ਼੍ਰੇਆ, ਜੋ ਜਮਾਂਦਰੂ ਬੋਲੇਪਣ ਤੋਂ ਪੀੜਤ ਸੀ, ਨੇ ਛੇ ਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਪੱਧਰੀ ਮੁਕਾਬਲਿਆਂ ਵਿੱਚ ਉਸਦੇ ਚੰਗੇ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਅਦ, ਉਸ ਦੇ ਪਿਤਾ ਦਵਿੰਦਰ ਸਿੰਘ ਨੇ ਬਹਾਦਰਗੜ੍ਹ ਟ੍ਰੇਨਿੰਗ ਸੈਂਟਰ ’ਚ ਦਾਖ਼ਲਾ ਦਿਵਾਇਆ। ਅੱਜ ਸ਼੍ਰੇਆ ਨੇ ਕਿਹਾ ਕਿ ਉਸ ਨੇ ਫਾਈਨਲ ਮੈਚ ਵਿੱਚ ਜੋੜੀਦਾਰ ਨਾਲ ਜਾਪਾਨ ਨੂੰ ਹਰਾ ਕੇ ਸ਼ਖਤ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ। ਸ਼੍ਰੇਆ ਨੇ ਆਪਣੀ ਜਿੱਤ ਦਾ ਸਿਹਰਾ ਮਾਪਿਆਂ ਤੇ ਕੋਚ ਨੂੰ ਦਿੱਤਾ ਹੈ। ਅੱਜ ਗੋਲਡ ਮੈਡਲ ਜੇਤੂ ਖਿਡਾਰਨ ਸ਼੍ਰੇਆ ਨੇ ਕਿਹਾ, ‘ਮੇਰੇ ਕੋਚ ਦੇ ਯੋਗ ਮਾਰਗਦਰਸ਼ਨ ’ਚ ਸਾਲਾਂ ਦੀ ਸਖ਼ਤ ਮਿਹਨਤ ਹੈ ਤੇ ਪੰਜ ਸਾਲਾਂ ਵਿੱਚ ਮੈਂ ਖੇਡੇ ਹਰ ਟੂਰਨਾਮੈਂਟ ’ਚ ਮੇਰੀ ਖੇਡ ਪ੍ਰਤਿਭਾ ਨੂੰ ਨਿਖਾਰਦੇ ਹੋਏ ਮੇਰੀ ਖੇਡ ’ਤੇ ਕੰਮ ਕੀਤਾ। ਉਸਦੇ ਪਿਤਾ, ਦਵਿੰਦਰ ਸਿੰਘ, ਜੋ ਕਿ ਐਸਬੀਆਈ ਬੈਂਕ ’ਚ ਹਨ, ਨੇ ਕਿਹਾ ਕਿ ਸ਼੍ਰੇਆ ਬਚਪਨ ਤੋਂ ਹੀ ਖੇਡ ਨੂੰ ਸਮਰਪਿਤ ਸੀ।