ਨਿਸ਼ਾਨੇਬਾਜ਼ੀ: ਤੋਮਰ ਤੇ ਈਸ਼ਾ-ਰਾਣਾ ਨੇ ਚਾਂਦੀ ਦੇ ਤਗ਼ਮੇ ਜਿੱਤੇ
ਭਾਰਤ ਨੇ ਅੱਜ ਆਈ ਐੱਸ ਐੱਸ ਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਦੇ ਤਗ਼ਮੇ ਆਪਣੇ ਨਾਂ ਕੀਤੇ। ਓਲੰਪੀਅਨ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਪੁਰਸ਼ਾਂ ਦੇ 50 ਮੀਟਰ ਰਾਈਫਲ 3-ਪੁਜ਼ੀਸ਼ਨ, ਜਦਕਿ ਈਸ਼ਾ ਸਿੰਘ ਅਤੇ ਸਮਰਾਟ ਰਾਣਾ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ।
24 ਸਾਲਾ ਤੋਮਰ ਨੇ ਫਾਈਨਲ ਵਿੱਚ 466.9 ਦਾ ਸਕੋਰ ਬਣਾਇਆ ਅਤੇ ਉਹ ਚੀਨ ਦੇ ਯੂਕੁਨ ਲਿਊ (467.1) ਤੋਂ ਮਾਮੂਲੀ ਫ਼ਰਕ ਨਾਲ ਸੋਨ ਤਗ਼ਮੇ ਤੋਂ ਖੁੰਝ ਗਿਆ। ਫਰਾਂਸ ਦੇ ਰੋਮੇਨ ਔਫਰੇਰੇ (454.8) ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸੇ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚੇ ਹੋਰ ਭਾਰਤੀ ਨਿਸ਼ਾਨੇਬਾਜ਼ਾਂ ’ਚੋਂ ਨੀਰਜ ਕੁਮਾਰ 432.6 ਦੇ ਸਕੋਰ ਨਾਲ ਪੰਜਵੇਂ ਸਥਾਨ ’ਤੇ ਰਿਹਾ। ਜ਼ਿਕਰਯੋਗ ਹੈ ਕਿ ਤੋਮਰ ਨੇ ਕੁਆਲੀਫਿਕੇਸ਼ਨ ਵਿੱਚ 597-40x ਦੇ ਸਕੋਰ ਨਾਲ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦਿਆਂ ਫਾਈਨਲ ਵਿੱਚ ਥਾਂ ਬਣਾਈ ਸੀ; ਨੀਰਜ ਨੇ 592 ਦੇ ਸਕੋਰ ਨਾਲ ਕੁਆਲੀਫਾਈ ਕੀਤਾ ਸੀ।
ਦੂਜੇ ਮੁਕਾਬਲੇ ਵਿੱਚ ਈਸ਼ਾ ਸਿੰਘ ਅਤੇ ਸਮਰਾਟ ਰਾਣਾ ਦੀ ਭਾਰਤੀ ਜੋੜੀ ਨੂੰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਦੇ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਚੀਨ ਦੀ ਕਿਆਨਕਸੁਨ ਯਾਓ ਅਤੇ ਕਾਈ ਹੂ ਦੀ ਜੋੜੀ ਹੱਥੋਂ 10-16 ਨਾਲ ਹਾਰ ਦਾ ਸਾਹਮਣਾ ਕਰਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਈਸ਼ਾ ਅਤੇ ਸਮਰਾਟ ਨੇ ਕੁਆਲੀਫਿਕੇਸ਼ਨ ਵਿੱਚ 586 ਦੇ ਕੁੱਲ ਸਕੋਰ ਨਾਲ ਸਿਖਰ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਈ ਸੀ।
