ਸ਼ੇਰੇ-ਏ-ਪੰਜਾਬ ਟੀ-20 ਲੀਗ: Bathinda ਦੇ Uday Pratap Saharan ’ਤੇ ਲੱਗੀ 4.20 ਲੱਖ ਦੀ ਬੋਲੀ
Uday Pratap Saharan Auction: ਬਠਿੰਡਾ ਰੌਇਲਜ਼ ਨੇ ਸ਼ੇਰੇ-ਏ-ਪੰਜਾਬ ਟੀ-20 ਕ੍ਰਿਕਟ ਲੀਗ ਲਈ ਬਣਾਇਆ ਟੀਮ ਦਾ ਹਿੱਸਾ
Sher e Punjab T20 league: ਸ਼ੇਰੇ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦੀ ਖਿਡਾਰੀ ਨਿਲਾਮੀ ਵਿੱਚ ਬਠਿੰਡਾ ਦੇ ਨੌਜਵਾਨ ਕ੍ਰਿਕਟਰ ਉਦੈ ਪ੍ਰਤਾਪ ਸਹਾਰਨ ਨੇ ਸਭ ਦਾ ਧਿਆਨ ਖਿੱਚਿਆ ਹੈ। ਬਠਿੰਡਾ ਰੌਇਲਜ਼ ਨੇ ਉਦੈ ਨੂੰ 4.20 ਲੱਖ ਰੁਪਏ ਵਿੱਚ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ। ਉਦੈ ਦੀ ਮੂਲ ਕੀਮਤ ਇੱਕ ਲੱਖ ਰੁਪਏ ਰੱਖੀ ਗਈ ਸੀ।
ਉਦੈ ਪ੍ਰਤਾਪ ਸਹਾਰਨ ਨੇ ਪਿਛਲੇ ਦਿਨੀਂ ਅੰਤਰ-ਜ਼ਿਲ੍ਹਾ ਸੀਨੀਅਰ ਕ੍ਰਿਕਟ ਟੂਰਨਾਮੈਂਟ ਵਿੱਚ ਬਠਿੰਡਾ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਉਸ ਨੇ 203 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਖੇਡ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਸ ਦੀ ਇਸ ਧਮਾਕੇਦਾਰ ਪਾਰੀ ਨੇ ਕ੍ਰਿਕਟ ਪ੍ਰੇਮੀਆਂ ਅਤੇ ਮਾਹਿਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸ਼ੇਰੇ-ਏ-ਪੰਜਾਬ ਟੀ-20 ਲੀਗ ਦੀ ਨਿਲਾਮੀ ਵਿੱਚ ਉਦੈ ਪ੍ਰਤਾਪ ਲਈ 4.20 ਲੱਖ ਰੁਪਏ ਦੀ ਬੋਲੀ ਲੱਗਣਾ ਬਠਿੰਡਾ ਕ੍ਰਿਕਟ ਲਈ ਵੀ ਮਾਣ ਵਾਲੀ ਗੱਲ ਹੈ। ਨੌਜਵਾਨ ਕ੍ਰਿਕਟਰ ਦੀ ਇਸ ਉਪਲਬਧੀ ’ਤੇ ਬਠਿੰਡਾ ਦੇ ਕ੍ਰਿਕਟ ਪ੍ਰੇਮੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਉਦੈ ਦੀ ਇਸ ਚੋਣ ਨੂੰ ਬਠਿੰਡਾ ਦੇ ਨੌਜਵਾਨ ਕ੍ਰਿਕਟਰਾਂ ਲਈ ਵੀ ਉਤਸ਼ਾਹਜਨਕ ਮੰਨਿਆ ਜਾ ਰਿਹਾ ਹੈ।
ਸਬੰਧਤ ਖਬਰ:Sher-e-Punjab T20 League ਲਈ ਖਿਡਾਰੀਆਂ ਦੀ ਨਿਲਾਮੀ ਅੱਜ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਆਈ ਪੀ ਐਲ ਦੀ ਤਰਜ਼ 'ਤੇ 'ਸ਼ੇਰ-ਏ-ਪੰਜਾਬ ਟੀ-20 ਲੀਗ' ਸ਼ੁਰੂ ਹੋਣ ਜਾ ਰਹੀ ਹੈ। ਇਹ ਲੀਗ 30 ਅਗਸਤ ਤੋਂ 13 ਸਤੰਬਰ ਤੱਕ ਮੁਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਸਟੇਡੀਅਮ ਵਿੱਚ ਖੇਡੀ ਜਾਵੇਗੀ।
ਇਸ ਟੂਰਨਾਮੈਂਟ ਵਿੱਚ ਛੇ ਫਰੈਂਚਾਇਜ਼ੀ ਟੀਮਾਂ ਹਿੱਸਾ ਲੈਣਗੀਆਂ ਅਤੇ ਪੰਜਾਬ ਦੇ ਨਾਮਵਰ ਖਿਡਾਰੀ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਰਮਨਦੀਪ ਸਿੰਘ ਅਤੇ ਗੁਰਨੂਰ ਬਰਾੜ ਇਸ ਵਿਚ ਖੇਡਣਗੇ।
ਇਸ ਲੀਗ ਵਿੱਚ ਸ਼ਾਮਲ ਛੇ ਟੀਮਾਂ ਅਤੇ ਉਨ੍ਹਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਫਾਜ਼ਿਲਕਾ ਫਾਲਕਨਜ਼ ਵੱਲੋਂ, ਅਰਸ਼ਦੀਪ ਸਿੰਘ ਲੁਧਿਆਣਾ ਲਾਇਨਜ਼ ਵੱਲੋਂ, ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਸੂਰਮਾਜ਼ ਵੱਲੋਂ, ਪ੍ਰਭਸਿਮਰਨ ਸਿੰਘ ਜਲੰਧਰ ਵਾਰੀਅਰਜ਼ ਵੱਲੋਂ, ਰਮਨਦੀਪ ਸਿੰਘ ਮੁਹਾਲੀ ਕਿੰਗਜ਼ ਵੱਲੋਂ ਅਤੇ ਗੁਰਨੂਰ ਬਰਾੜ ਬਠਿੰਡਾ ਰੌਇਲਜ਼ ਵੱਲੋਂ ਖੇਡਣਗੇ।

