Sher-E-Punjab T-20: ਬਠਿੰਡਾ ਨੇ ਜਲੰਧਰ ਨੂੰ 9 ਦੌੜਾਂ ਨਾਲ ਹਰਾਇਆ
ਗੌਰਵ ਚੌਧਰੀ ਨੇ ਸੈਂਕਡ਼ਾ ਜਡ਼ਿਆ; ਜਲੰਧਰ ਦੇ ਹਰਜੱਸ ਟੰਡਨ ਦੀ 94 ਦੌੜਾਂ ਦੀ ਪਾਰੀ ਕਿਸੇ ਕੰਮ ਨਾ ਆਈ
ਸ਼ੇਰ-ਏ-ਪੰਜਾਬ ਟੀ-20 ਲੀਗ ਤਹਿਤ ਮੁਹਾਲੀ ਦੇ ਆਈ ਐੱਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ 14ਵੇਂ ਰੋਮਾਂਚਕ ਮੁਕਾਬਲੇ ਵਿੱਚ ਬਠਿੰਡਾ ਰੌਇਲਜ਼ ਨੇ ਜਲੰਧਰ ਵਾਰੀਅਰਜ਼ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬਠਿੰਡਾ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ’ਤੇ 228 ਦੌੜਾਂ ਬਣਾਈਆਂ। ਟੀਮ ਵੱਲੋਂ ਉਦੈ ਸਹਾਰਨ ਨੇ 49 ਗੇਂਦਾਂ ਵਿੱਚ 83 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਗੌਰਵ ਚੌਧਰੀ ਨੇ 52 ਗੇਂਦਾਂ ’ਤੇ 102 ਦੌੜਾਂ ਬਣਾਈਆਂ।
229 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜਲੰਧਰ ਦੀ ਟੀਮ ਨੇ ਵੀ ਸ਼ਾਨਦਾਰ ਖੇਡ ਦਿਖਾਈ ਪਰ 9 ਵਿਕਟਾਂ ’ਤੇ 219 ਦੌੜਾਂ ਹੀ ਬਣਾ ਸਕੀ। ਟੀਮ ਵੱਲੋਂ ਹਰਜੱਸ ਸਿੰਘ ਟੰਡਨ ਨੇ 45 ਗੇਂਦਾਂ ’ਤੇ 12 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 94 ਦੌੜਾਂ ਬਣਾਈਆਂ, ਜਦਕਿ ਵਿਸ਼ਵਨਾਥ ਸਿੰਘ ਨੇ 41 ਦੌੜਾਂ ਦਾ ਅਹਿਮ ਯੋਗਦਾਨ ਪਾਇਆ।
ਬੀਤੀ ਰਾਤ ਖੇਡੇ ਗਏ 13ਵੇਂ ਮੈਚ ਵਿੱਚ ਮੁਹਾਲੀ ਕਿੰਗਜ਼ ਨੇ ਵੀ ਜਲੰਧਰ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾਇਆ। ਮੀਂਹ ਕਾਰਨ ਇਹ ਮੈਚ 14 ਓਵਰਾਂ ਦਾ ਕਰ ਦਿੱਤਾ ਗਿਆ। ਇਸ ਵਿੱਚ ਜਲੰਧਰ ਵਾਰੀਅਰਜ਼ ਨੇ 7 ਵਿਕਟਾਂ ਦੇ ਨੁਕਸਾਨ ’ਤੇ 177 ਦੌੜਾਂ ਬਣਾ ਕੇ 178 ਦੌੜਾਂ ਦਾ ਟੀਚਾ ਦਿੱਤਾ ਤੇ ਮੁਹਾਲੀ ਨੇ ਇਹ ਟੀਚਾ 13 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਜਿੱਤ ਵਿੱਚ ਅਨਮੋਲਪ੍ਰੀਤ ਸਿੰਘ ਅਤੇ ਕਪਤਾਨ ਰਮਨਦੀਪ ਸਿੰਘ ਦੀ 152 ਦੌੜਾਂ ਦੀ ਨਾਬਾਦ ਭਾਈਵਾਲੀ ਅਹਿਮ ਰਹੀ। ਅਨਮੋਲਪ੍ਰੀਤ ਨੇ 29 ਗੇਂਦਾਂ ਵਿੱਚ 4 ਚੌਕਿਆਂ ਅਤੇ 5 ਛੱਕਿਆਂ ਨਾਲ ਨਾਬਾਦ 61 ਦੌੜਾਂ ਅਤੇ ਕਪਤਾਨ ਰਮਨਦੀਪ ਨੇ 35 ਗੇਂਦਾਂ ਵਿੱਚ 6 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ ਨਾਬਾਦ 91 ਦੌੜਾਂ ਦੀ ਪਾਰੀ ਖੇਡੀ।

