India ਤੇ Sri lanka ਦਰਮਿਆਨ Second Test Match ਅੱਜ
ਮਹਿਮਾਨ ਭਾਰਤ ਕੋਲ ਤਿੰਨ ਸਾਲ ਮਗਰੋਂ ਵਿਦੇਸ਼ੀ ਧਰਤੀ ’ਤੇ ਲੜੀ ਜਿੱਤਣ ਦਾ ਸੁਨਹਿਰੀ ਮੌਕਾ
ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਸ੍ਰੀਲੰਕਾ ਖ਼ਿਲਾਫ਼ ਦੂਜੇ ਅਤੇ ਆਖ਼ਰੀ ਟੈਸਟ ਮੈਚ ਵਿੱਚ ਤਿੰਨ ਸਾਲ ਬਾਅਦ ਵਿਦੇਸ਼ੀ ਧਰਤੀ ’ਤੇ ਟੈਸਟ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਵਿਦੇਸ਼ੀ ਧਰਤੀ ’ਤੇ ਆਖ਼ਰੀ ਵਾਰ ਜੁਲਾਈ 2023 ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਲੜੀ ਜਿੱਤੀ ਸੀ, ਜਿਸ ਮਗਰੋਂ ਉਸ ਨੂੰ ਆਸਟਰੇਲੀਆ ਹੱਥੋਂ ਹਾਰ ਮਿਲੀ ਅਤੇ ਦੱਖਣੀ ਅਫਰੀਕਾ ਤੇ ਇੰਗਲੈਂਡ ਨਾਲ ਲੜੀ ਬਰਾਬਰ ਰਹੀ।
ਪਹਿਲੇ ਟੈਸਟ ਮੈਚ ਵਿੱਚ ਮਿਲੀ 165 ਦੌੜਾਂ ਦੀ ਸ਼ਾਨਦਾਰ ਜਿੱਤ ਮਗਰੋਂ ਭਾਰਤੀ ਟੀਮ ਦੇ ਹੌਸਲੇ ਬੁਲੰਦ ਹਨ। ਜੇ ਭਾਰਤ ਇਹ ਲੜੀ 2-0 ਨਾਲ ਜਿੱਤ ਲੈਂਦਾ ਹੈ ਤਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊ ਟੀ ਸੀ) ਦੀ ਦਰਜਾਬੰਦੀ ਵਿੱਚ ਉਸ ਕੋਲ 57.58 ਫ਼ੀਸਦੀ ਅੰਕਾਂ ਨਾਲ ਚੌਥੇ ਸਥਾਨ ’ਤੇ ਪੁੱਜਣ ਦਾ ਮੌਕਾ ਹੋਵੇਗਾ। ਟੀਮ ਪ੍ਰਬੰਧਕਾਂ ਨੂੰ ਕਪਤਾਨ ਸ਼ੁਭਮਨ ਗਿੱਲ ਅਤੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਤੋਂ ਵੱਡੀਆਂ ਪਾਰੀਆਂ ਦੀ ਉਮੀਦ ਹੈ। ਗਿੱਲ ਨੇ ਕਪਤਾਨ ਵਜੋਂ ਹੁਣ ਤੱਕ 10 ਟੈਸਟ ਮੈਚਾਂ ਵਿੱਚ 73 ਦੀ ਔਸਤ ਨਾਲ 1100 ਦੌੜਾਂ ਬਣਾਈਆਂ ਹਨ ਪਰ ਖੱਬੂ ਸਪਿੰਨਰਾਂ ਖ਼ਿਲਾਫ਼ ਕਮਜ਼ੋਰੀ ਸਾਹਮਣੇ ਆਈ ਹੈ। ਦੂਜੇ ਪਾਸੇ ਯਸ਼ਸਵੀ ਪਿਛਲੀਆਂ ਅੱਠ ਪਾਰੀਆਂ ਵਿੱਚ ਸਿਰਫ਼ ਇੱਕ ਨੀਮ ਸੈਂਕੜਾ ਲਾ ਸਕਿਆ ਹੈ।

