ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸ਼ੌਰਿਆ ਚੱਕਰ ਵਿਜੇਤਾ ਸਰਕਾਰੀ ਕਾਲਜ, ਫੇਜ਼ ਛੇ ਮੁਹਾਲੀ ਦੇ ਵਿਦਿਆਰਥੀ ਸਤਨਾਮ ਸਿੰਘ ਨੇ ਨਿਸ਼ਾਨੇਬਾਜ਼ੀ ਵਿੱਚ ਕੌਮੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ 25 ਮੀਟਰ ਪਿਸਟਲ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਹੈ।
ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੇ ਦੱਸਿਆ ਕਿ ਸਤਨਾਮ ਸਿੰਘ ਨੇ ਇਹ ਉਪਲਬਧੀ 23ਵੀਂ ਕੁਮਾਰ ਸੁਰਿੰਦਰ ਸਿੰਘ ਮੈਮੋਰਿਅਲ ਸ਼ੂਟਿੰਗ ਚੈਂਪੀਅਨਸ਼ਿਪ (ਕੌਮੀ ਚੈਂਪੀਅਨਸ਼ਿਪ) ਦੌਰਾਨ 25 ਮੀਟਰ ਪਿਸਟਲ ਮੁਕਾਬਲੇ ’ਚ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਸ ਨੇ ਖੇਲੋ ਇੰਡੀਆ ਪੈਰਾ ਗੇਮਜ਼ 2025 ਵਿੱਚ 25 ਮੀਟਰ ਸਪੋਰਟਸ ਪਿਸਟਲ ਇਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੌਥਾ ਸਥਾਨ ਹਾਸਲ ਕੀਤਾ ਸੀ। ਉਸ ਨੇ 6ਵੀਂ ਐੱਨ ਪੀ ਐੱਸ ਸੀ ਵਿੱਚ ਵੀ ਹਿੱਸਾ ਲਿਆ ਤੇ ਕੌਮੀ ਪੱਧਰ ’ਤੇ ਆਪਣੀ ਹਾਜ਼ਰੀ ਦਰਜ ਕਰਵਾਈ। ਪ੍ਰਿੰਸੀਪਲ ਮੁਤਾਬਕ ਸਤਨਾਮ ਸਿੰਘ ਨੇ 68ਵੀਆਂ ਕੌਮੀ ਖੇਡਾਂ-2025 ਵਿੱਚ 10 ਮੀਟਰ ਏਅਰ ਪਿਸਟਲ, 25 ਮੀਟਰ ਸਪੋਰਟਸ ਪਿਸਟਲ ਅਤੇ 50 ਮੀਟਰ ਫਰੀ ਪਿਸਟਲ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ 25 ਮੀਟਰ ਸਪੋਰਟਸ ਪਿਸਟਲ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਸੀ। ਇਸ ਮੌਕੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ. ਸਿਮਰਪ੍ਰੀਤ ਕੌਰ ਵੀ ਮੌਜੂਦ ਸਨ।

