Sarfaraz Khan ਦੀ ਭਾਰਤੀ Test Team ਵਿੱਚ ਵਾਪਸੀ
ਲੰਮੇ ਸੰਘਰਸ਼ ਮਗਰੋਂ ਸ੍ਰੀਲੰਕਾ ਦੌਰੇ ਲਈ ਹੋਈ ਚੋਣ; ਸਾਈ ਸੁਦਰਸ਼ਨ ਦੇ ਜ਼ਖ਼ਮੀ ਹੋਣ ਕਾਰਨ ਮਿਲਿਆ ਮੌਕਾ
ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਸਰਫਰਾਜ਼ ਖ਼ਾਨ ਵੱਲੋਂ ਟੀਮ ਵਿੱਚ ਥਾਂ ਬਣਾਉਣ ਲਈ ਕੀਤਾ ਜਾ ਰਿਹਾ ਸੰਘਰਸ਼ ਆਖ਼ਰਕਾਰ ਰੰਗ ਲਿਆਇਆ ਹੈ। ਸਾਈ ਸੁਦਰਸ਼ਨ ਦੇ ਜ਼ਖ਼ਮੀ ਹੋਣ ਕਾਰਨ ਸਰਫਰਾਜ਼ ਨੂੰ 15 ਅਗਸਤ ਤੋਂ ਸ੍ਰੀਲੰਕਾ ਖ਼ਿਲਾਫ਼ ਗਾਲ ਵਿੱਚ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਕੁਝ ਦਿਨ ਪਹਿਲਾਂ ਸਰਫਰਾਜ਼ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ ਕਿ ਭਾਵੇਂ ਉਹ ਟੀਮ ਵਿੱਚ ਫਿੱਟ ਨਹੀਂ ਬੈਠਦਾ ਪਰ ਉਹ ਸੰਘਰਸ਼ ਜਾਰੀ ਰੱਖੇਗਾ।
ਕੌਮਾਂਤਰੀ ਕ੍ਰਿਕਟ ਦੀਆਂ ਲੋੜਾਂ ਅਨੁਸਾਰ ਖ਼ੁਦ ਨੂੰ ਢਾਲਣ ਲਈ ਇਸ ਮੁੰਬਈ ਦੇ ਖਿਡਾਰੀ ਨੇ ਪਿਛਲੇ ਡੇਢ ਸਾਲ ਵਿੱਚ ਆਪਣਾ 17 ਕਿਲੋ ਭਾਰ ਘਟਾਇਆ ਹੈ। ਮੁੰਬਈ ਵਿੱਚ ਮੌਨਸੂਨ ਦੌਰਾਨ ਮੀਂਹ ਕਾਰਨ ਅਭਿਆਸ ਵਿੱਚ ਆ ਰਹੀਆਂ ਸਮੱਸਿਆਵਾਂ ਕਾਰਨ ਉਸ ਨੇ ਕਸ਼ਮੀਰ ਦੇ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿੱਚ ਜਾ ਕੇ ਕਈ ਘੰਟੇ ਸਖ਼ਤ ਟਰੇਨਿੰਗ ਕੀਤੀ। ਆਈ ਪੀ ਐੱਲ ਅਤੇ ਮੁੰਬਈ ਟੀ-20 ਲੀਗ ਮਗਰੋਂ ਉਸ ਨੇ ਕੁਰਲਾ ਵਿੱਚ ਲਾਲ ਮਿੱਟੀ ਵਾਲੀਆਂ ਪਿੱਚਾਂ ’ਤੇ ਧੀਮੀ ਗਤੀ ਦੇ ਗੇਂਦਬਾਜ਼ਾਂ ਖ਼ਿਲਾਫ਼ ਖੇਡਣ ਦਾ ਲਗਾਤਾਰ ਅਭਿਆਸ ਕੀਤਾ।
ਸਾਲ 2024 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਨਾਕਾਮ ਰਹਿਣ ਮਗਰੋਂ ਉਸ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਇੰਗਲੈਂਡ ਦੌਰੇ ’ਤੇ ਇੰਡੀਆ ‘ਏ’ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹੁਣ ਸੁਦਰਸ਼ਨ ਦੇ ਪੈਰ ਦੇ ਅੰਗੂਠੇ ਦੀ ਸੱਟ ਠੀਕ ਨਾ ਹੋਣ ਕਾਰਨ ਕੌਮੀ ਚੋਣ ਕਮੇਟੀ ਕੋਲ ਰਿਤੂਰਾਜ ਗਾਇਕਵਾੜ, ਸ਼ੇਖ ਰਸ਼ੀਦ ਅਤੇ ਸਰਫਰਾਜ਼ ਦੇ ਰੂਪ ਵਿੱਚ ਤਿੰਨ ਬਦਲ ਮੌਜੂਦ ਸਨ, ਜਿਨ੍ਹਾਂ ’ਚੋਂ ਸਰਫ਼ਰਾਜ਼ ਨੂੰ ਸਭ ਤੋਂ ਢੁਕਵਾਂ ਮੰਨਿਆ ਗਿਆ ਹੈ। ਮੌਜੂਦਾ ਟੀਮ ਵਿੱਚ ਕਪਤਾਨ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਤੋਂ ਇਲਾਵਾ ਸਰਫਰਾਜ਼ ਨੂੰ ਸਪਿੰਨ ਦਾ ਸਭ ਤੋਂ ਵਧੀਆ ਖਿਡਾਰੀ ਮੰਨਿਆ ਜਾਂਦਾ ਹੈ। ਦੂਜੇ ਪਾਸੇ ਧਰੁਵ ਜੁਰੇਲ ਲਗਾਤਾਰ ਆਫ ਸਪਿਨਰਾਂ ਸਾਹਮਣੇ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਦੱਖਣੀ ਅਫਰੀਕਾ ਦੇ ਸਾਈਮਨ ਹਾਰਮਰ ਨੇ ਉਸ ਨੂੰ ਕਈ ਵਾਰ ਆਊਟ ਕੀਤਾ ਸੀ। ਇਸ ਦੇ ਮੁਕਾਬਲੇ ਸਰਫਰਾਜ਼ ਕੋਲ ਰਵਾਇਤੀ ਅਤੇ ਰਿਵਰਸ ਸਵੀਪ ਵਰਗੇ ਵਧੀਆ ਸ਼ਾਟ ਹਨ, ਜੋ ਸ੍ਰੀਲੰਕਾ ਵਿੱਚ ਪ੍ਰਭਾਤ ਜੈਸੂਰੀਆ ਵਰਗੇ ਸਪਿਨਰਾਂ ਖ਼ਿਲਾਫ਼ ਭਾਰਤੀ ਟੀਮ ਲਈ ਅਹਿਮ ਸਾਬਤ ਹੋਣਗੇ।

