ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਗਰੂਰ ਨੇ ਨਾਮਧਾਰੀ ਅਕੈਡਮੀ ਨੂੰ ਹਰਾਇਆ

ਕੇਸਾਧਾਰੀ ਹਾਕੀ ਲੀਗ ਵਿੱਚ ਰਾਊਂਡ ਗਲਾਸ ਅਕੈਡਮੀ ਅਤੇ ਐੱਸ ਜੀ ਪੀ ਸੀ ਨੇ ਵੀ ਮੈਚ ਜਿੱਤੇ
ਖਿਡਾਰੀਆਂ ਨਾਲ ਸਾਂਝੀ ਤਸਵੀਰ ਖਿਚਵਾਉਂਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ।
Advertisement

ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕਰਵਾਏ ਜਾ ਰਹੇ 5ਵੇਂ ਕੇਸਾਧਾਰੀ ਲੀਗ ਹਾਕੀ ਗੋਲਡ ਕੱਪ (ਅੰਡਰ-19) ਦੇ ਦੂਜੇ ਦਿਨ ਦੂਜੇ ਗੇੜ ਦੇ ਰੋਮਾਂਚਕ ਮੁਕਾਬਲੇ ਹੋਏ। ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਟੂਰਨਾਮੈਂਟ ਦੇ ਦੂਜੇ ਦਿਨ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਪੀਰਮੁਹੰਮਦ ਅਤੇ ਦਰਸ਼ਨ ਸਿੰਘ ਜੌਲੀ ਨੇ ਕੀਤਾ। ਪ੍ਰਧਾਨਗੀ ਦੀ ਰਸਮ ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ ਅਤੇ ਡੀ ਐੱਸ ਪੀ ਹਰਸਿਮਰਨ ਸਿੰਘ ਬੱਲ ਨੇ ਸਾਂਝੇ ਤੌਰ ’ਤੇ ਨਿਭਾਈ। ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਹੇਠ ਹੋਏ ਮੁਕਾਬਲਿਆਂ ਵਿੱਚ ਸੰਗਰੂਰ ਹਾਕੀ ਕਲੱਬ (ਮਿਸਲ ਰਾਮਗੜ੍ਹੀਆ), ਰਾਊਂਡ ਗਲਾਸ ਅਕੈਡਮੀ (ਮਿਸਲ ਡੱਲੇਵਾਲੀਆ) ਅਤੇ ਐੱਸ ਜੀ ਪੀ ਸੀ (ਮਿਸਲ ਸ਼ੁੱਕਰਚੱਕੀਆ) ਦੀਆਂ ਟੀਮਾਂ ਨੇ ਜਿੱਤ ਹਾਸਲ ਕੀਤੀ।

ਪਹਿਲੇ ਮੁਕਾਬਲੇ ਵਿੱਚ ਸੰਗਰੂਰ ਹਾਕੀ ਕਲੱਬ (ਮਿਸਲ ਰਾਮਗੜ੍ਹੀਆ) ਨੇ ਨਾਮਧਾਰੀ ਸਪੋਰਟਸ ਅਕੈਡਮੀ (ਮਿਸਲ ਨਿਸ਼ਾਨਾਂਵਾਲੀ) ਨੂੰ 1-0 ਦੇ ਫ਼ਰਕ ਨਾਲ ਹਰਾਇਆ। ਸੰਗਰੂਰ ਲਈ ਇਕਲੌਤਾ ਜੇਤੂ ਗੋਲ ਮੈਚ ਦੇ 43ਵੇਂ ਮਿੰਟ ਵਿੱਚ ਤਰਨਜੋਤ ਸਿੰਘ ਨੇ ਕੀਤਾ ਜਿਸ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਦੂਜੇ ਮੈਚ ਵਿੱਚ ਰਾਊਂਡ ਗਲਾਸ ਅਕੈਡਮੀ (ਮਿਸਲ ਡੱਲੇਵਾਲੀਆ) ਨੇ ਐੱਮ ਬੀ ਐੱਸ ਹਾਕੀ ਅਕੈਡਮੀ ਜੰਮੂ (ਮਿਸਲ ਸਿੰਘ ਸ਼ਹੀਦਾਂ) ਨੂੰ 9-0 ਦੇ ਵੱਡੇ ਫ਼ਰਕ ਨਾਲ ਹਰਾਇਆ। ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਰਾਊਂਡ ਗਲਾਸ ਦੇ ਦਮਨਪ੍ਰੀਤ ਸਿੰਘ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਤੀਜੇ ਅਤੇ ਆਖ਼ਰੀ ਮੈਚ ਵਿੱਚ ਐੱਸ ਜੀ ਪੀ ਸੀ (ਮਿਸਲ ਸ਼ੁੱਕਰਚੱਕੀਆ) ਨੇ ਸ਼ਾਹਬਾਦ ਹਾਕੀ ਅਕੈਡਮੀ (ਮਿਸਲ ਫੂਲਕੀਆ) ਨੂੰ 4-2 ਨਾਲ ਹਰਾਇਆ। ਐੱਸ ਜੀ ਪੀ ਸੀ ਲਈ ਅਰਸ਼ਦੀਪ ਸਿੰਘ (14ਵੇਂ ਮਿੰਟ) ਅਤੇ ਸ਼ੇਰਸ਼ੁੱਭਜੀਤ ਸਿੰਘ (28ਵੇਂ ਮਿੰਟ) ਨੇ ਇੱਕ-ਇੱਕ, ਜਦਕਿ ਦਿਲਪ੍ਰੀਤ ਸਿੰਘ (21ਵੇਂ ਅਤੇ 39ਵੇਂ ਮਿੰਟ) ਨੇ ਦੋ ਗੋਲ ਕੀਤੇ। ਐੱਸ ਜੀ ਪੀ ਸੀ ਦੇ ਪ੍ਰਭਜੋਤ ਸਿੰਘ ਨੂੰ ‘ਮੈਨ ਆਫ ਦਿ ਮੈਚ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Advertisement

Advertisement
Show comments