ਤਜਰਬੇਕਾਰ ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਇੱਥੇ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਦੇ 200 ਮੀਟਰ ਫ੍ਰੀਸਟਾਈਲ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ ਅਤੇ ਅੱਜ ਆਪਣੀ ਹੀਟ ਵਿੱਚ ਨਿਰਾਸ਼ਾਜਨਕ ਪੰਜਵੇਂ ਤੇ ਸਮੁੱਚੇ ਤੌਰ ’ਤੇ 20ਵੇਂ ਸਥਾਨ ’ਤੇ ਰਿਹਾ। ਸਿਰਫ਼ ਅੱਠ ਸਭ ਤੋਂ ਤੇਜ਼ ਤੈਰਾਕ ਫਾਈਨਲ ਵਿੱਚ ਪਹੁੰਚਦੇ ਹਨ ਅਤੇ ਸਾਜਨ 1 ਮਿੰਟ 51.99 ਸਕਿੰਟ ਦੇ ਸਮੇਂ ਨਾਲ ਕਾਫੀ ਪਿੱਛੇ ਰਿਹਾ। ਉਸ ਦਾ ਨਿੱਜੀ ਸਰਬੋਤਮ ਅਤੇ ਕੌਮੀ ਰਿਕਾਰਡ 1 ਮਿੰਟ 46.61 ਸਕਿੰਟ ਹੈ। 32 ਸਾਲਾ ਖਿਡਾਰੀ ਸ਼ੁਰੂਆਤ ਕਰਨ ਵਾਲੇ ਆਪਣੇ ਸਾਥੀ ਅਨੀਸ਼ ਗੌੜ ਤੋਂ ਪਿੱਛੇ ਰਿਹਾ, ਜੋ 1 ਮਿੰਟ 51.64 ਸਕਿੰਟ ਦੇ ਸਮੇਂ ਨਾਲ ਸਮੁੱਚੇ ਤੌਰ ’ਤੇ 18ਵੇਂ ਸਥਾਨ ’ਤੇ ਰਹਿ ਕੇ ਅੱਗੇ ਵਧਣ ਵਿੱਚ ਵੀ ਅਸਫਲ ਰਿਹਾ। ਇਸੇ ਦੌਰਾਨ ਭਾਰਤ ਦਾ ਸ੍ਰੀਹਰੀ ਨਟਰਾਜ ਮੰਗਲਵਾਰ ਨੂੰ ਸੈਮੀ ਫਾਈਨਲ ਵਿੱਚ ਸਮੁੱਚੇ ਤੌਰ ’ਤੇ 12ਵੇਂ ਸਥਾਨ ’ਤੇ ਰਹਿਣ ਮਗਰੋਂ ਪੁਰਸ਼ਾਂ ਦੇ 100 ਮੀਟਰ ਬੈਕਸਟ੍ਰੋਕ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ। ਸ੍ਰੀਹਰੀ ਨੇ 16 ਸੈਮੀ ਫਾਈਨਲਿਸਟਾਂ ਵਿੱਚੋਂ 12ਵਾਂ ਸਥਾਨ ਹਾਸਲ ਕਰਨ ਲਈ 55.52 ਸਕਿੰਟ ਦਾ ਸਮਾਂ ਲਿਆ ਅਤੇ ਅੱਠ ਮੈਂਬਰੀ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ।
ਤਿੰਨ ਕੋਸ਼ਿਸ਼ਾਂ ’ਚ ਅਸਫ਼ਲ ਰਹਿਣ ਮਗਰੋਂ ਸੰਜਨਾ ਬਾਹਰ
ਭਾਰਤੀ ਵੇਟਲਿਫਟਰ ਸੰਜਨਾ ਅੱਜ ਇੱਥੇ ਔਰਤਾਂ ਦੇ 77 ਕਿਲੋ ਮੁਕਾਬਲੇ ਵਿੱਚ ਸਨੈਚ ਦੀਆਂ ਤਿੰਨੇ ਕੋਸ਼ਿਸ਼ਾਂ ਅਸਫਲ ਰਹਿਣ ਤੋਂ ਬਾਅਦ ਜਲਦੀ ਬਾਹਰ ਹੋ ਗਈ। 19 ਸਾਲਾ ਖਿਡਾਰਨ ਜੋ ਕਿ ਖੇਡਾਂ ਤੋਂ ਪਹਿਲਾਂ ਤਗ਼ਮੇ ਦੀਆਂ ਦਾਅਵੇਦਾਰਾਂ ਵਿੱਚੋਂ ਇੱਕ ਸੀ, ਤਿੰਨ ਕੋਸ਼ਿਸ਼ਾਂ ਵਿੱਚ ਆਪਣਾ 94 ਕਿਲੋ ਦਾ ਸ਼ੁਰੂਆਤੀ ਭਾਰ ਨਹੀਂ ਚੁੱਕ ਸਕੀ, ਜਿਸ ਨਾਲ ਕਲੀਨ ਤੇ ਜਰਕ ਪੜਾਅ ਤੋਂ ਪਹਿਲਾਂ ਹੀ ਉਸ ਦੀ ਮੁਹਿੰਮ ਖਤਮ ਹੋ ਗਈ। ਕੋਈ ਵੀ ਸਫਲ ਸਨੈਚ ਲਿਫਟ ਨਾ ਹੋਣ ਕਾਰਨ, ਸੰਜਨਾ ਮੁਕਾਬਲੇ ਤੋਂ ਬਾਹਰ ਹੋ ਗਈ।

