Sailing: ਨੇਤਰਾ ਕੁਮਾਨਨ ਨੇ ਮਹਿਲਾ ਡਿੰਘੀ ਵਿੱਚ Bronze ਦਾ ਤਗ਼ਮਾ ਜਿੱਤਿਆ
ਸਰਵਨਣ ਦੋਵੇਂ ਆਖ਼ਰੀ ਰੇਸਾਂ ’ਚ ਦੂਜਾ ਸਥਾਨ ਲੈ ਕੇ ਵੀ ਚੌਥੇ ਸਥਾਨ ’ਤੇ ਰਿਹਾ
ਭਾਰਤ ਦੀ ਨੇਤਰਾ ਕੁਮਾਨਨ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਸੇਲਿੰਗ ਮੁਕਾਬਲੇ ਦੇ ਮਹਿਲਾ ਡਿੰਘੀ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ। ਆਪਣੇ ਚੌਥੇ ਯਤਨ ਵਿੱਚ ਉਸ ਨੇ ਮਹਾਂਦੀਪੀ ਮਹਾਕੁੰਭ ਵਿੱਚ ਆਪਣਾ ਪਹਿਲਾ ਪੋਡੀਅਮ ਫਿਨਿਸ਼ ਹਾਸਲ ਕੀਤਾ ਹੈ। ਚੇਨੱਈ ਦੀ ਰਹਿਣ ਵਾਲੀ 29 ਸਾਲਾ ਦੋ ਵਾਰ ਦੀ ਓਲੰਪੀਅਨ ਨੇ ਕੁੱਲ 14 ਅੰਕ (ਫਾਈਨਲ ਵਿੱਚ 7 ਅਤੇ ਕੁਆਲੀਫਿਕੇਸ਼ਨ ਰੇਸਾਂ ਵਿੱਚੋਂ 7) ਪ੍ਰਾਪਤ ਕੀਤੇ ਅਤੇ ਥਾਈਲੈਂਡ ਦੀ ਸੋਨ ਤਗ਼ਮਾ ਜੇਤੂ ਸੋਫੀਆ ਮੋਂਟਗੋਮਰੀ (5 ਅੰਕ) ਅਤੇ ਸਿੰਗਾਪੁਰ ਦੀ ਚਾਂਦੀ ਤਗ਼ਮਾ ਜੇਤੂ ਜਾਨੀਆ ਐਂਗ (13 ਅੰਕ) ਤੋਂ ਬਾਅਦ ਤੀਜੇ ਸਥਾਨ ’ਤੇ ਰਹੀ। ਪੁਰਸ਼ਾਂ ਦੇ ਮੁਕਾਬਲੇ ਵਿੱਚ ਭਾਰਤ ਦਾ ਵਿਸ਼ਨੂ ਸਰਵਨਣ ਆਪਣੀਆਂ ਦੋਵੇਂ ਆਖ਼ਰੀ ਰੇਸਾਂ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਦੇ ਬਾਵਜੂਦ ਚੌਥੇ ਸਥਾਨ ’ਤੇ ਰਿਹਾ, ਕਿਉਂਕਿ ਉਸ ਦਾ ਇਕੱਠਾ ਕੀਤਾ ਗਿਆ ਕੁਆਲੀਫਿਕੇਸ਼ਨ ਸਕੋਰ ਥੋੜ੍ਹਾ ਵੱਧ 17 ਅੰਕ ਸੀ, ਜਿਸ ਨਾਲ ਉਸ ਦਾ ਕੁੱਲ ਸਕੋਰ 21 ਹੋ ਗਿਆ। 27 ਸਾਲਾ ਸਰਵਨਣ ਜੋ ਓਲੰਪੀਅਨ ਵੀ ਹੈ, ਨੇ ਖੇਡਾਂ ਦੇ ਪਿਛਲੇ ਸੰਸਕਰਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

