Sailing: ਭਾਰਤ ਦੇ Manu ਤੇ Nobel ਨੇ ਚਾਂਦੀ ਜਿੱਤੀ
ਟੀਮ ਨੇ ਰੇਸ 3 ਵਿੱਚ ਜਿੱਤ ਹਾਸਲ ਕੀਤੀ; ਹਰਸ਼ਿਤਾ ਤੋਮਰ ਅਤੇ ਸ਼ੀਤਲ ਵਰਮਾ ਦੀ ਜੋੜੀ ਨੇ ਮਹਿਲਾਵਾਂ ਦੇ ਸਕਿੱਫ ਸੇਲਿੰਗ ਮੁਕਾਬਲੇ ਵਿੱਚ ਕਾਂਸੀ ਤਗ਼ਮਾ ਜਿੱਤਿਆ
ਭਾਰਤੀ ਜੋੜੀ ਮਨੂ ਫਰਾਂਸਿਸ ਅਤੇ ਪ੍ਰਿੰਸ ਕੁਰੀਸਿੰਕਲ ਨੋਬਲ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਸੇਲਿੰਗ ਮੁਕਾਬਲੇ ਦੇ ਪੁਰਸ਼ਾਂ ਦੇ ਸਕਿੱਫ ਈਵੈਂਟ (ਰੇਸ 9) ਵਿੱਚ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ। ਹਰਸ਼ਿਤਾ ਤੋਮਰ ਅਤੇ ਸ਼ੀਤਲ ਵਰਮਾ ਦੀ ਜੋੜੀ ਨੇ ਮਹਿਲਾਵਾਂ ਦੇ ਸਕਿੱਫ ਸੇਲਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਅਰਨਾਕੁਲਮ ਨਾਲ ਸਬੰਧਤ 31 ਸਾਲਾ ਫਰਾਂਸਿਸ ਅਤੇ 30 ਸਾਲਾ ਨੋਬਲ (ਜੋ ਕਿ ਆਪਸ ਵਿੱਚ ਚਚੇਰੇ ਭਰਾ ਹਨ), ਨੇ ਨੌਂ ਰੇਸਾਂ ਤੋਂ ਬਾਅਦ ਕੁੱਲ 23 ਅੰਕ ਹਾਸਲ ਕੀਤੇ ਅਤੇ ਚੀਨ ਤੋਂ ਬਾਅਦ ਦੂਜੇ ਸਥਾਨ ’ਤੇ ਰਹੇ। ਉਨ੍ਹਾਂ ਨੇ ਇਸ ਮੁਕਾਬਲੇ ਵਿੱਚ ਕੁੱਲ 16 ਅੰਕ ਪ੍ਰਾਪਤ ਕੀਤੇ। ਇਸ ਖੇਡ ਵਿੱਚ ਸਭ ਤੋਂ ਘੱਟ ਕੁੱਲ ਅੰਕਾਂ ਵਾਲੀ ਟੀਮ ਜੇਤੂ ਹੁੰਦੀ ਹੈ। ਚੀਨੀ ਟੀਮ ਵਿੱਚ ਵੇਨ ਜ਼ੇਡਿੰਗ ਅਤੇ ਲਿਊ ਤਿਆਨ ਸ਼ਾਮਲ ਸਨ। ਪੁਰਸ਼ਾਂ ਦੇ ਸਕਿੱਫ ਸੇਲਿੰਗ ਵਿੱਚ ਅੰਕ ਹਰੇਕ ਰੇਸ ਵਿੱਚ ਆਖ਼ਰੀ ਸਮਾਪਤੀ ਸਥਾਨ ਦੇ ਆਧਾਰ ’ਤੇ ਤੈਅ ਕੀਤੇ ਜਾਂਦੇ ਹਨ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ ਕੁੱਲ ਸਕੋਰ ਵਿੱਚ ਇੱਕ ਅੰਕ ਮਿਲਦਾ ਹੈ। ਭਾਰਤੀ ਟੀਮ ਨੇ ਮੁਕਾਬਲੇ ਦੌਰਾਨ ਰੇਸ 3 ਵਿੱਚ ਜਿੱਤ ਹਾਸਲ ਕੀਤੀ ਅਤੇ ਰੇਸ 1, 5 ਤੇ 9 ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਚੀਨ ਚਾਰ ਰੇਸਾਂ ਵਿੱਚ ਪਹਿਲੇ ਸਥਾਨ ’ਤੇ ਰਹਿ ਕੇ ਸਭ ਤੋਂ ਉੱਪਰ ਰਿਹਾ। ਸਕਿੱਫ ਛੋਟੀਆਂ ਅਤੇ ਹਲਕੀਆਂ ਕਿਸ਼ਤੀਆਂ ਹੁੰਦੀਆਂ ਹਨ। ਇਸੇ ਦੌਰਾਨ ਹਰਸ਼ਿਤਾ ਤੋਮਰ ਅਤੇ ਸ਼ੀਤਲ ਵਰਮਾ ਦੀ ਟੀਮ ਨੇ ਮਹਿਲਾਵਾਂ ਦੇ ਸਕਿੱਫ ਸੇਲਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਭਾਰਤੀ ਜੋੜੀ ਨੇ ਨੌਂ ਰੇਸਾਂ ਵਿੱਚ 24 ਨੈੱਟ ਪੁਆਇੰਟ ਅਤੇ ਕੁੱਲ 28 ਅੰਕਾਂ ਨਾਲ ਮੁਕਾਬਲਾ ਸਮਾਪਤ ਕੀਤਾ।

