Sachin Tendulkar IPL: ਇੰਪੈਕਟ ਪਲੇਅਰ ਨਿਯਮ ਨੂੰ ਖ਼ਤਮ ਕੀਤਾ ਜਾਵੇ: ਤੇਂਦੁਲਕਰ
ਸਾਬਕਾ ਬੱਲੇਬਾਜ਼ ਨੇ ਆਈ ਪੀ ਐੱਲ ਨਿਯਮਾਂ ਵਿੱਚ ਤਬਦੀਲੀ ਦੇ ਸੁਝਾਅ ਦਿੱਤੇ
ਮਸ਼ਹੂਰ ਬੱਲੇਬਾਜ਼ ਸਚਿਨ ਤੇਂਦੁਲਕਰ ਚਾਹੁੰਦੇ ਹਨ ਕਿ ਵਿਵਾਦਤ ‘ਇੰਪੈਕਟ ਪਲੇਅਰ’ ਨਿਯਮ ਨੂੰ ਖ਼ਤਮ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਬੱਲੇ ਅਤੇ ਗੇਂਦ ਵਿਚਾਲੇ ਸੰਤੁਲਨ ਬਹਾਲ ਕਰਨ ਲਈ ਕੁਝ ਤਬਦੀਲੀਆਂ ਦੇ ਸੁਝਾਅ ਵੀ ਦਿੱਤੇ ਹਨ। ਸਾਲ 2023 ਵਿੱਚ ਸ਼ੁਰੂ ਕੀਤਾ ਗਿਆ ‘ਇੰਪੈਕਟ ਪਲੇਅਰ’ ਨਿਯਮ ਟੀਮਾਂ ਨੂੰ ਮੈਚ ਦੇ ਕਿਸੇ ਵੀ ਮੋੜ ’ਤੇ ਮੈਚ ਵਿੱਚ ਖੇਡ ਰਹੇ 11 ਖਿਡਾਰੀਆਂ ’ਚੋਂ ਕਿਸੇ ਵੀ ਖਿਡਾਰੀ ਨੂੰ ਪਹਿਲਾਂ ਤੋਂ ਸੂਚੀਬੱਧ ਪੰਜ ਬਦਲਵੇਂ ਖਿਡਾਰੀਆਂ ਵਿੱਚੋਂ ਕਿਸੇ ਨਾਲ ਬਦਲਣ ਦੀ ਇਜਾਜ਼ਤ ਦਿੰਦਾ ਹੈ। ਤੇਂਦੁਲਕਰ ਨੇ ਈ ਐੱਸ ਪੀ ਐੱਨ ਕ੍ਰਿਕਇਨਫੋ ਐਵਾਰਡਜ਼ ਦੌਰਾਨ ਕਿਹਾ, ‘‘ਮੇਰਾ ਮੰਨਣਾ ਹੈ ਕਿ ਇੰਪੈਕਟ ਪਲੇਅਰ ਨਿਯਮ ਨੂੰ ਹਟਾ ਦੇਣਾ ਚਾਹੀਦਾ ਹੈ।’’
ਉਨ੍ਹਾਂ ਹੋਰ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਜਦੋਂ ਟੀ-20 ਫਾਰਮੈਟ ਵਿੱਚ ਤੁਹਾਨੂੰ ਸਿਰਫ਼ 20 ਓਵਰ ਹੀ ਖੇਡਣੇ ਹੁੰਦੇ ਹਨ ਅਤੇ ਫਿਰ ਤੁਸੀਂ ਉਸ ਲਾਈਨ-ਅੱਪ ਵਿੱਚ ਇੱਕ ਹੋਰ ਬੱਲੇਬਾਜ਼ ਜੋੜ ਰਹੇ ਹੋ, ਜਿੱਥੇ ਗੇਂਦਬਾਜ਼ਾਂ ਨੂੰ ਪਹਿਲਾਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੈਨੂੰ ਇਹ ਅਸੰਤੁਲਨ ਲੱਗਦਾ ਹੈ।’’ ਤੇਂਦੁਲਕਰ ਨੇ ਮੌਜੂਦਾ ਬੈਟਿੰਗ ਪਾਵਰਪਲੇਅ ਦੇ ਨਾਲ-ਨਾਲ ਇੱਕ ‘ਬਾਊਲਿੰਗ ਪਾਵਰਪਲੇਅ’ ਸ਼ੁਰੂ ਕਰ ਕੇ ਪਾਵਰਪਲੇਅ ਦੇ ਢਾਂਚੇ ਵਿੱਚ ਤਬਦੀਲੀ ਕਰਨ ਦਾ ਸੁਝਾਅ ਵੀ ਦਿੱਤਾ ਹੈ।
ਸੂਰਿਆਵੰਸ਼ੀ ਦੀ ਕੁਦਰਤੀ ਖੇਡ ਨਾਲ ਛੇੜਖਾਨੀ ਨਾ ਕਰਨ ਦਾ ਮਸ਼ਵਰਾ
ਮਸ਼ਹੂਰ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਉੱਭਰਦੇ ਹੋਏ ਸਿਤਾਰੇ ਵੈਭਵ ਸੂਰਿਆਵੰਸ਼ੀ ਦੀ ਸੱਚਮੁੱਚ ਬਹੁਤ ਖ਼ਾਸ ਪ੍ਰਤਿਭਾ ਵਜੋਂ ਸ਼ਲਾਘਾ ਕੀਤੀ ਹੈ। ਉਨ੍ਹਾਂ ਕੋਚਾਂ ਅਤੇ ਮਾਰਗਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਕ੍ਰਿਕਟ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਇਸ ਨੌਜਵਾਨ ਦੀ ਕੁਦਰਤੀ ਖੇਡ ਨਾਲ ਕੋਈ ਛੇੜਛਾੜ ਨਾ ਕਰਨ। ਤੇਂਦੁਲਕਰ ਨੇ ਕਿਹਾ, ‘‘ਸੂਰਿਆਵੰਸ਼ੀ ਸੱਚਮੁੱਚ ਬਹੁਤ ਖ਼ਾਸ ਹੈ। ਅਤੇ ਸਿਰਫ਼ ਗੇਂਦ ਨੂੰ ਹਿੱਟ ਕਰਨ ਦੀ ਸਮਰੱਥਾ ਨਹੀਂ, ਬਲਕਿ ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਹੈ ਉਸ ਦੇ ਗੁੱਟ ਦਾ ਕੰਮ।’’

