ਕਜ਼ਾਖ਼ਸਤਾਨ ਦੀ ਏਲੇਨਾ ਰਿਬਾਕੀਨਾ ਨੇ ਇੱਥੇ ਮਹਿਲਾ ਸਿੰਗਲਜ਼ ਵਿੱਚ ਬੇਲਾਰੂਸ ਦੀ ਆਰਿਨਾ ਸਬਾਲੇਂਕਾ ਨੂੰ 6-4, 5-7, 6-2 ਨਾਲ ਹਰਾ ਕੇ ਪਹਿਲੀ ਵਾਰ ਯੂ ਐੱਸ ਓਪਨ ਟੈਨਿਸ ਖ਼ਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਰਿਬਾਕੀਨਾ ਨੇ ਅਗਲੇ ਹਫ਼ਤੇ ਜਾਰੀ ਹੋਣ ਵਾਲੀ ਮਹਿਲਾ ਟੈਨਿਸ ਦੀ ਨੰਬਰ ਇਕ ਰੈਂਕਿੰਗ ਵੀ ਆਪਣੇ ਨਾਂ ਕਰ ਲਈ ਹੈ। ਉਹ 99ਵੇਂ ਹਫ਼ਤਿਆਂ ਤੋਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਸਬਾਲੇਂਕਾ ਦੀ ਥਾਂ ਸਿਖਰਲਾ ਦਰਜਾ ਹਾਸਲ ਕਰੇਗੀ। ਇਸ ਤੋਂ ਇਲਾਵਾ ਉਸ ਨੂੰ ਗਰੈਂਡ ਸਲੈਮ ਇਤਿਹਾਸ ਦੀ ਸਭ ਤੋਂ ਵੱਡੀ 55 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੀ ਹੈ।
ਆਪਣੀ ਜਿੱਤ ਮਗਰੋਂ ਰਿਬਾਕੀਨਾ ਨੇ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ’ਤੇ ਯਕੀਨ ਕਰਨਾ ਹਾਲੇ ਵੀ ਮੁਸ਼ਕਲ ਲੱਗ ਰਿਹਾ ਹੈ। ਉੱਧਰ, ਹਾਰ ਮਗਰੋਂ ਨਿਰਾਸ਼ ਸਬਾਲੇਂਕਾ ਨੇ ਨੈੱਟ ’ਤੇ ਰਿਬਾਕੀਨਾ ਨੂੰ ਗਲੇ ਲਾਉਣ ਤੋਂ ਤੁਰੰਤ ਬਾਅਦ ਆਪਣਾ ਰੈਕੇਟ ਤੋੜ ਦਿੱਤਾ। ਇਹ ਰਿਬਾਕੀਨਾ ਦਾ ਤੀਜਾ ਗਰੈਂਡ ਸਲੈਮ ਅਤੇ ਇਸ ਸਾਲ ਦਾ ਦੂਜਾ ਵੱਡਾ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਆਸਟਰੇਲੀਅਨ ਓਪਨ ਦੇ ਫਾਈਨਲ ਵਿੱਚ ਵੀ ਸਬਾਲੇਂਕਾ ਨੂੰ ਹਰਾਇਆ ਸੀ। ਹੁਣ ਉਸ ਨੂੰ ਕਰੀਅਰ ਗਰੈਂਡ ਸਲੈਮ ਪੂਰਾ ਕਰਨ ਲਈ ਸਿਰਫ ਫਰੈਂਚ ਓਪਨ ਜਿੱਤਣ ਦੀ ਲੋੜ ਹੈ। ਸਬਾਲੇਂਕਾ 2012 ਤੋਂ 2014 ਦਰਮਿਆਨ ਸੈਰੇਨਾ ਵਿਲੀਅਮਜ਼ ਮਗਰੋਂ ਲਗਾਤਾਰ ਤਿੰਨ ਵਾਰ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਬਣਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਰਿਬਾਕੀਨਾ ਨੇ ਉਸ ਦਾ ਯੂ ਐੱਸ ਓਪਨ ਵਿੱਚ ਲਗਾਤਾਰ 19 ਮੈਚ ਜਿੱਤਣ ਦਾ ਰਿਕਾਰਡ ਤੋੜ ਦਿੱਤਾ। ਮੈਚ ਦੌਰਾਨ ਦੋਵਾਂ ਖਿਡਾਰਨਾਂ ਦੀ ਸ਼ੈਲੀ ਵਿੱਚ ਵੱਡਾ ਫ਼ਰਕ ਦੇਖਣ ਨੂੰ ਮਿਲਿਆ। ਜਿੱਥੇ ਸਬਾਲੇਂਕਾ ਪੂਰੇ ਜ਼ੋਰ ਨਾਲ ਖੇਡਦਿਆਂ ਅਕਸਰ ਨਿਰਾਸ਼ਾ ਜ਼ਾਹਰ ਕਰ ਰਹੀ ਸੀ, ਉੱਥੇ ਹੀ ਰਿਬਾਕੀਨਾ ਨੇ ਬੇਹੱਦ ਸ਼ਾਂਤ ਰਹਿ ਕੇ ਦਬਾਅ ਵਾਲੇ ਪਲਾਂ ਦਾ ਸਾਹਮਣਾ ਕੀਤਾ। ਪਹਿਲੇ ਸੈੱਟ ਵਿੱਚ ਸਬਾਲੇਂਕਾ ਦੀ ਡਬਲ ਫਾਲਟ ਦੀ ਗਲਤੀ ਕਾਰਨ ਰਿਬਾਕੀਨਾ ਨੇ ਲੀਡ ਬਣਾਈ। ਦੂਜੇ ਸੈੱਟ ਵਿੱਚ ਭਾਵੇਂ ਸਬਾਲੇਂਕਾ ਨੇ ਵਾਪਸੀ ਕੀਤੀ, ਪਰ ਤੀਜੇ ਸੈੱਟ ਵਿੱਚ ਰਿਬਾਕੀਨਾ ਨੇ ਮੈਚ ’ਤੇ ਪੂਰੀ ਤਰ੍ਹਾਂ ਪਕੜ ਬਣਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।

