ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ 38ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 13, 14 ਅਤੇ 15 ਫਰਵਰੀ ਨੂੰ ਕਰਵਾਈਆਂ ਜਾਣਗੀਆਂ। ਪ੍ਰਬੰਧਕਾਂ ਨੇ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਖੇਡਾਂ ਦੌਰਾਨ ਹਾਕੀ, ਕਬੱਡੀ, ਫੁਟਬਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ।
ਜਰਖੜ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ 13 ਫਰਵਰੀ ਨੂੰ ਖੇਡਾਂ ਦਾ ਉਦਘਾਟਨੀ ਸਮਾਗਮ ਹੋਵੇਗਾ। ਇਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦਾ ਮਾਰਚ ਪਾਸਟ ਖਿੱਚ ਦਾ ਕੇਂਦਰ ਬਣੇਗਾ ਤੇ ਸੱਭਿਆਚਾਰ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਜਰਖੜ ਖੇਡਾਂ ਦੀ ਉਲੰਪਿਕ ਖੇਡ ਮਸ਼ਾਲ ਜੰਨਤ-ਏ-ਜਰਖੜ ਮਿਊਜ਼ੀਅਮ ਦੇ ਲਾਹੌਰ (ਪਾਕਿਸਤਾਨ ਵਾਲਾ ਲਾਹੌਰ ਨਹੀਂ) ਤੋਂ ਚੱਲੇਗੀ ਅਤੇ ਖਿਡਾਰੀਆਂ ਦੇ ਕਾਫਲੇ ਵਜੋਂ ਜਰਖੜ ਖੇਡ ਸਟੇਡੀਅਮ ਵਿੱਚ ਪੁੱਜੇਗੀ ਜਿੱਥੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਮਸ਼ਾਲ ਰੌਸ਼ਨ ਕਰਨਗੇ। ਖੇਡਾਂ ਦਾ ਉਦਘਾਟਨ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਕਰਨਗੇ।
ਉਨ੍ਹਾਂ ਦੱਸਿਆ ਕਿ ਖੇਡਾਂ ਦੌਰਾਨ ਪੰਜਾਬ ਦੇ ਸਾਬਕਾ ਡੀ ਜੀ ਪੀ ਚੰਦਰਸ਼ੇਖਰ, ਪਦਮ ਸ੍ਰੀ ਬਲਦੇਵ ਸਿੰਘ, ਸੀ ਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਿਮਰਨਜੀਤ ਕੌਰ ਗਿੱਲ, ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪ੍ਰਭਦੀਪ ਸਿੰਘ ਨੱਥੋਵਾਲ, ਪੱਤਰਕਾਰ ਦਵਿੰਦਰ ਪਾਲ ਸਿੰਘ, ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋਂ, ਵੈਟਰਨਜ਼ ਹਾਕੀ ਖਿਡਾਰੀ ਕਰਮਜੀਤ ਸਿੰਘ ਕਾਲਾ ਗਰੇਵਾਲ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ’ਚ ਅਮਰੀਕ ਸਿੰਘ ਮਿਨਹਾਸ, ਸਰਪੰਚ ਸੰਦੀਪ ਸਿੰਘ ਜਰਖੜ, ਚੇਅਰਮੈਨ ਸੁਖਵਿੰਦਰ ਸਿੰਘ, ਤਜਿੰਦਰ ਸਿੰਘ ਜਰਖੜ, ਪਰਮਜੀਤ ਸਿੰਘ ਪੰਮਾ ਗਰੇਵਾਲ, ਹਾਕੀ ਖਿਡਾਰੀ ਬਲਵੰਤ ਸਿੰਘ ਬੁੱਢੇਵਾਲ, ਛਿੰਦਾ ਜਰਖੜ ਆਦਿ ਹਾਜ਼ਰ ਸਨ।

