ਜਗਮੋਹਨ ਸਿੰਘ
ਰੂਪਨਗਰ, 25 ਸਤੰਬਰ
ਇਸ ਜ਼ਿਲ੍ਹੇ ਦੇ ਪਿੰਡ ਬੱਲਮਗੜ੍ਹ ਮੰਦਵਾੜਾ ਵਿਖੇ ਯੂਥ ਕਲੱਬ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਤੇ ਚੇਅਰਮੈਨ ਰਣਜੀਤ ਸਿੰਘ ਦੀ ਦੇਖ ਰੇਖ ਅਧੀਨ ਕਰਵਾਏ ਕਬੱਡੀ ਕੱਪ ਦੌਰਾਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀਆਂ ਨੇ ਹਿੱਸਾ ਲਿਆ। 32 ਕਿਲੋ ਭਾਰ ਵਰਗ ਵਿੱਚ ਮੰਦਵਾੜਾ ਬੀਐੱਮਐੱਸ ਦੀ ਟੀਮ ਨੇ ਮੰਦਵਾੜਾ ਡੀ ਨੂੰ, 37 ਕਿਲੋ ਵਿੱਚ ਬੁਰਜ ਹਰੀ ਸਿੰਘ ਨੇ ਸਿੱਲ ਪਿੰਡ ਨੂੰ, 45 ਕਿਲੋ ਅਤੇ 52 ਕਿਲੋ ਵਿੱਚ ਮੰਦਵਾੜਾ ਨੇ ਬੰਨ੍ਹਮਾਜਰਾ ਨੂੰ, 62 ਕਿਲੋ ਵਿੱਚ ਮੰਦਵਾੜਾ ਨੇ ਕਾਈਨੌਰ ਦੀ ਟੀਮ ਨੂੰ ਹਰਾਇਆ। ਕਬੱਡੀ ਦੇ ਓਪਨ ਮੁਕਾਬਲਿਆਂ ਦੌਰਾਨ ਬਨੂੜ ਨੇ ਸੈਂਪਲੀ ਸਾਹਿਬ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ। 15 ਸਾਲਾ ਬੱਚਿਆਂ ਦੇ ਵਾਲੀਬਾਲ ਮੁਕਾਬਲਿਆਂ ’ਚ ਮੰਦਵਾੜਾ ਦੀ ਟੀਮ ਨੇ ਸੈਂਫਲਪੁਰ ਦੀ ਟੀਮ ਨੂੰ ਹਰਾਇਆ। ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਹਾਜ਼ਰੀ ਲਗਵਾਈ, ਜਦੋਂ ਕਿ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਰੂਪਨਗਰ ਵੱਲੋਂ ਕੀਤੀ ਗਈ। ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਕਲੱਬ ਦੇ ਵਾਇਸ ਚੇਅਰਮੈਨ ਪਵਨ ਕੁਮਾਰ ਕਾਲਾ, ਮੀਤ ਪ੍ਰਧਾਨ ਮਾਤੂ ਠੇਕੇਦਾਰ, ਸਕੱਤਰ ਬਾਲਕ ਰਾਮ, ਖਜ਼ਾਨਚੀ ਰਾਉਲ ਰਾਣਾ ਤੇ ਕੈਪਟਨ ਕੁਲਵੰਤ ਸਿੰਘ, ਸਲਾਹਕਾਰ ਗਿਆਨ ਸਿੰਘ ਪੰਚ ਤੇ ਭਗਤ ਸ਼ਿਆਮ ਰਾਣਾ ਪੰਚ ਦਾ ਵਿਸ਼ੇਸ਼ ਯੋਗਦਾਨ ਰਿਹਾ।