Vinesh Phogat ਦੀ ਪਟੀਸ਼ਨ ’ਤੇ Wrestling Federation ਤੋਂ ਜਵਾਬ ਤਲਬ
ਪਹਿਲਵਾਨ ਨੇ ਕਾਰਨ ਦੱਸੋ ਨੋਟਿਸਾਂ ਅਤੇ ਅਨੁਸ਼ਾਸਨੀ ਕਾਰਵਾਈ ਨੂੰ ਦਿੱਤੀ ਹੈ ਚੁਣੌਤੀ
ਦਿੱਲੀ ਹਾਈ ਕੋਰਟ ਨੇ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਦਾਇਰ ਪਟੀਸ਼ਨ ’ਤੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ ਐੱਫ ਆਈ) ਤੋਂ ਜਵਾਬ ਤਲਬ ਕੀਤਾ ਹੈ। ਇਸ ਪਟੀਸ਼ਨ ਵਿੱਚ ਫੋਗਾਟ ਨੇ ਫੈਡਰੇਸ਼ਨ ਵੱਲੋਂ ਜਾਰੀ ਕੀਤੇ ਗਏ ਦੋ ਕਾਰਨ ਦੱਸੋ ਨੋਟਿਸਾਂ ਅਤੇ ਉਨ੍ਹਾਂ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਫ਼ਿਲਹਾਲ ਕੋਈ ਰਸਮੀ ਨੋਟਿਸ ਜਾਰੀ ਨਹੀਂ ਕੀਤਾ ਜਾ ਰਿਹਾ। ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਨੂੰ ਹੋਵੇਗੀ।
ਫੋਗਾਟ ਨੇ 9 ਮਈ ਅਤੇ 17 ਜੂਨ ਨੂੰ ਜਾਰੀ ਹੋਏ ਨੋਟਿਸਾਂ ਨੂੰ ਪੱਖਪਾਤੀ ਦੱਸਦਿਆਂ ਦੋਸ਼ ਲਾਇਆ ਹੈ ਕਿ ਫੈਡਰੇਸ਼ਨ ਜਾਣਬੁੱਝ ਕੇ ਉਸ ਦੀ ਖੇਡ ਵਿੱਚ ਵਾਪਸੀ ਨੂੰ ਪ੍ਰਭਾਵਿਤ ਕਰ ਰਹੀ ਹੈ। ਪਹਿਲੇ ਨੋਟਿਸ ਵਿੱਚ ਡੋਪਿੰਗ ਨਿਯਮਾਂ ਦੀ ਕਥਿਤ ਉਲੰਘਣਾ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਨੂੰ ਫੋਗਾਟ ਨੇ ਬੇਬੁਨਿਆਦ ਕਰਾਰ ਦਿੱਤਾ। ਦੂਜਾ ਨੋਟਿਸ ਮਈ ਵਿੱਚ ਹੋਏ ਚੋਣ ਟਰਾਇਲਾਂ ਦੌਰਾਨ ਉਸ ਦੇ ਵਿਹਾਰ ਬਾਰੇ ਹੈ। ਇਸ ’ਤੇ ਫੋਗਾਟ ਨੇ ਕਿਹਾ ਕਿ ਉਸੇ ਦਿਨ ਹੋਰ ਪਹਿਲਵਾਨਾਂ ਨਾਲ ਵਾਪਰੀਆਂ ਅਜਿਹੀਆਂ ਘਟਨਾਵਾਂ ਨੂੰ ਅਣਦੇਖਿਆ ਕਰ ਕੇ ਸਿਰਫ਼ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

