ਦਲਬੀਰ ਸੱਖੋਵਾਲੀਆ
ਬਟਾਲਾ, 13 ਅਗਸਤ
ਇੱਥੋਂ ਦੇ ਡੇਰਾ ਬਾਬਾ ਨਾਨਕ ਰੋਡ ’ਤੇ ਪਿੰਡ ਉਮਰਾਵਾਲ ਦੇ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਇੱਕ ਮਿੰਟ ਵਿੱਚ 118 ਡੰਡ ਮੁੱਕਿਆਂ ’ਤੇ ਮਾਰ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਕੇਜੇ ਯੁਸੂਫ ਦੇ ਨਾਮ ਸੀ। ਯੁਸੂਫ ਨੇ ਇੱਕ ਮਿਟ ਵਿੱਚ 82 ਮੁੱਠੀ ਬੰਦ ਡੰਡ ਮਾਰੇ ਸਨ।
ਕੁੰਵਰ ਨੇ ਦੱਸਿਆ ਕਿ ਉਸ ਨੂੰ ਵਿਸ਼ਵ ਰਿਕਾਰਡ ਬਣਾਉਣ ਲਈ ਇਕ ਸੰਸਥਾ ਵੱਲੋਂ ਗੋਲਡ ਮੈਡਲ ਅਤੇ ਦੋ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਕੁੰਵਰ ਨੇ ਦੱਸਿਆ ਕਿ ਉਸ ਨੇ ਵਿਸ਼ਵ ਰਿਕਾਰਡ ਭਾਰਤ ਲਈ 2 ਜੂਨ ਨੂੰ ਅਹਿਮਦਾਬਾਦ (ਗੁਜਰਾਤ) ਸਥਿਤ ਸੰਸਥਾ ‘ਯੰਗਸਟਰ ਪਰਫਾਰਮਡ ਮੈਕਸੀਮਮ ਨੱਕਲ’ ਨੂੰ ਅਪਲਾਈ ਕੀਤਾ ਸੀ। ਉਸ ਵੱਲੋਂ ਭੇਜੇ ਗਏ ਆਨਲਾਈਨ ਰਿਕਾਰਡ ਨੂੰ ਚੈੱਕ ਕੀਤਾ ਗਿਆ ਜਿਸ ’ਤੇ ਸੰਸਥਾ ਦੇ ਪ੍ਰਧਾਨ ਪਵਨ ਸੋਲੰਕੀ ਨੇ ਉਨ੍ਹਾਂ ਨੂੰ ਇਹ ਐਵਾਰਡ ਦਿੱਤਾ।
ਪਿੰਡ ਉਮਰਾਵਾਲ ਦੇੇ ਸਰਪੰਚ ਨਿਸ਼ਾਨ ਸਿੰਘ ਦਾ ਫ਼ਰਜ਼ੰਦ ਕੁੰਵਰ ਜੋ ਕਬੱਡੀ, ਵਾਲੀਵਾਲ, ਸਵਿਮਿੰਗ ਤੇ ਅਥਲੈਟਿਕਸ ਦਾ ਖਿਡਾਰੀ ਹੈ, ਨੇ ਦੱਸਿਆ ਕਿ ਉਹ ਘਰ ਵਿੱਚ ਘੰਟਿਆਂਬੱਧੀ ਕਸਰਤ ਕਰਦਾ ਹੈ। ਉਸ ਵੱਲੋਂ ਵੱਖ-ਵੱਖ ਖੇਡ ਮੇਲੇ ਜਿਵੇਂ ਬਾਬਾ ਸ੍ਰੀ ਚੰਦ ਮੇਲਿਆਂ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ’ਤੇ ਵੀ ਸਨਮਾਨਿਤ ਕੀਤਾ ਗਿਆ ਹੈ। ਉਹ ਪੀਟੀਸੀ ’ਤੇ ‘ਹੁਨਰ ਪੰਜਾਬ ਦਾ’ ਵਿੱਚ ਵੀ ਪ੍ਰਦਰਸ਼ਨ ਕਰ ਚੁੱਕਾ ਹੈ।